ਮੋਹਾਲੀ: ਜ਼ਿਲ੍ਹੇ ’ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ (Unemployed ETT Tet Pass teachers) ਵੱਲੋਂ ਪੰਜਾਬ ਸਰਕਾਰ ( Punjab Government) ਖਿਲਾਫ ਰੋਸ ਪ੍ਰਦਰਸ਼ਨ ( Protest) ਕੀਤਾ ਗਿਆ। ਦੱਸ ਦਈਏ ਕਿ ਲਗਾਤਾਰ ਸਾਢੇ ਚਾਰ ਸਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਘਰਸ਼ ਦੌਰਾਨ ਪੁਲਿਸ ਦੀਆਂ ਡਾਂਗਾਂ, ਝੂਠੇ ਪਰਚੇ ਤੇ ਟੈਂਕੀਆਂ ਟਾਵਰਾਂ ਤੇ ਚੜਨ ਤੋਂ ਬਾਅਦ 6635 ਈ.ਟੀ.ਟੀ ਦੀਆਂ ਪੋਸਟਾਂ ਪ੍ਰਾਪਤ ਹੋਈਆਂ ਸੀ। ਜਿਸ ਦੀ ਅਪਲਾਈ ਕਰਨ ਦੀ ਮਿਤੀ ਪੰਜਾਬ ਸਰਕਾਰ ਵੱਲੋਂ ਅੱਗੇ ਵਧਾਈ ਜਾ ਰਹੀ ਹੈ ਜਿਸ ਦਾ ਰੋਸ ਬੇਰੁਜ਼ਗਾਰ ਅਧਿਆਪਕਾਂ ਚ ਪਾਇਆ ਜਾ ਰਿਹਾ ਹੈ।
ਪ੍ਰਦਰਸ਼ਨ ਰਹੇਗਾ ਜਾਰੀ
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਰਤੀ ਲਈ ਅਪਲਾਈ ਕਰਨ ਦੇ ਲਈ ਵਾਰ-ਵਾਰ ਫਾਰਮ ਖੋਲ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਪ੍ਰਤੀ ਤਾਨਾਸ਼ਾਹ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਰੁਜ਼ਗਾਰ ਈਟੀਟੀ ਅਧਿਆਪਕ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਤਿੱਖੇ ਰੂਪ ਵਿੱਚ ਜਾਰੀ ਰਹੇਗਾ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਨੂੰ ਲੈ ਕੇ ਕੋਈ ਵੀ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਜਦੋ ਉਹ ਚੰਡੀਗੜ੍ਹ ਵੱਲ ਕੂਚ ਕਰਨ ਲੱਗੇ ਤਾਂ ਉਨ੍ਹਾਂ ਨੂੰ ਸੱਤ ਫੇਜ਼ ਦੀਆਂ ਲਾਈਟਾਂ ’ਤੇ ਰੋਕਿਆ ਗਿਆ।
ਪ੍ਰਦਰਸ਼ਨਕਾਰੀਆਂ ਵੱਲੋਂ ਲਗਾਇਆ ਗਿਆ ਜਾਮ
ਇਸ ਦੌਰਾਨ ਉਨ੍ਹਾਂ ਦੀ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸੱਤ ਫੇਜ਼ ਦੀਆਂ ਲਾਈਟਾਂ ’ਤੇ ਜਾਮ ਲਾ ਕੇ ਆਵਾਜਾਈ ਠੱਪ ਵੀ ਰੱਖੀ ਗਈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 13 ਸਤੰਬਰ ਦੀ ਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਗਈ ਹੈ।
ਇਹ ਵੀ ਪੜੋ: ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ’ਚ ਨਵਜੋਤ ਸਿੱਧੂ ਹੋਣਗੇ ਸ਼ਾਮਲ