ਸਾਹਿਬਜਾਦਾ ਅਜੀਤ ਸਿੰਘ ਨਗਰ : ਪੰਜਾਬ ਹੜ੍ਹਾਂ ਵਰਗੀ ਸਥਿਤੀ ਦੀ ਮਾਰ ਝੱਲ ਰਿਹਾ ਹੈ। ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਹੀ ਪਾਣੀ ਨਜਰ ਆ ਰਿਹਾ ਹੈ। ਸਰਕਾਰ ਨੇ ਸੂਬੇ ਦੇ ਹਲਾਤ ਕਾਬੂ ਵਿੱਚ ਹੋਣ ਦਾ ਦਾਅਵਾ ਕੀਤਾ ਹੈ ਅਤੇ ਲੋਕਾਂ ਦੀ ਹਰ ਸਮੱਸਿਆ ਨੂੰ ਸੁਲਝਾਉਣ ਲਈ ਲੋਕਾਂ ਤੱਕ ਆਪਣੇ ਮੰਤਰੀ ਅਤੇ ਵਿਧਾਇਕਾਂ ਨੂੰ ਪਹੁੰਚਣ ਲਈ ਹੁਕਮ ਜਾਰੀ ਕੀਤੇ ਹਨ। ਇਸਦੇ ਬਾਵਜੂਦ ਲੋਕ ਸਰਕਾਰ ਖ਼ਿਲਾਫ਼ ਸੜਕਾਂ ਉੱਤੇ ਆ ਰਹੇ ਹਨ। ਮੁਹਾਲੀ ਵਿੱਚ ਪਏ ਤੇਜ਼ ਮੀਂਹ ਕਾਰਨ ਏਰੋਸਿਟੀ ਦੇ ਵਸਨੀਕ ਪਿਛਲੇ 4 ਦਿਨਾਂ ਤੋਂ ਬਿਨ੍ਹਾਂ ਬਿਜਲੀ ਅਤੇ ਪਾਣੀ ਦੇ ਗੁਜ਼ਾਰਾ ਕਰ ਰਹੇ ਹਨ। ਇਸ ਇਲਾਕੇ ਵਿੱਚ ਪਿਛਲੇ 4 ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ, ਜਿਸ ਕਰਕੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ ਹੈ। ਇਹ ਇਲਾਕਾ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਬਿਲਕੁਲ ਨੇੜੇ ਹੈ ਅਤੇ ਇਸਨੂੰ ਪੌਸ਼ ਇਲਾਕਾ ਵੀ ਮੰਨਿਆ ਜਾਂਦਾ ਹੈ।
ਕਈ ਸ਼ਿਕਾਇਤਾਂ ਦਰਜ : ਮੁਹਾਲੀ ਏਅਰੋਸਿਟੀ ਵਿੱਚ ਜੱਜ ਤੋਂ ਲੈ ਕੇ ਕਈ ਸੀਨੀਅਰ ਅਤੇ ਸੇਵਾਮੁਕਤ ਅਧਿਕਾਰੀ ਰਹਿੰਦੇ ਹਨ। ਅਜਿਹੇ ਵਿਚ ਇਸ ਇਲਾਕੇ ਨੂੰ ਵੀਆਈਪੀ ਵੀ ਕਿਹਾ ਜਾਂਦਾ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ 4 ਦਿਨਾਂ ਤੋਂ ਪਰੇਸ਼ਾਨ ਹਨ। ਕਈ ਸਾਰੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਪਰ ਕਿਧਰੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸਤੋਂ ਬਾਅਦ ਲੋਕਾਂ ਨੇ ਗੁੱਸੇ ਵਿਚ ਆ ਕੇ ਏਅਰਪੋਰਟ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
- ਪਾਣੀ ਦੀ ਤਬਾਹੀ ਨੂੰ ਰੋਕਣ ਲਈ ਪ੍ਰਨੀਤ ਕੌਰ ਨੇ ਘੱਗਰ 'ਚ ਰਿਵਾਇਤੀ ਨੱਥ ਅਤੇ ਚੂੜਾ ਕੀਤੇ ਭੇਟ, ਜਾਣੋ ਇੰਝ ਕਰਨ ਦਾ ਦਿਲਚਸਪ ਕਾਰਣ
- ਦੇਸ਼ ਭਰ ਦੇ 28 ਲੱਖ ਆਂਗਣਵਾੜੀ ਵਰਕਰ ਤੇ ਹੈਲਪਰ ਜੰਤਰ-ਮੰਤਰ ਵਿਖੇ ਕਰਨਗੇ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੰਗਾਂ- ਖਾਸ ਰਿਪੋਰਟ
- ਮੁੱਖ ਮੰਤਰੀ ਵਲੋਂ ਸੁਝਾਅ ਮੰਗੇ ਜਾਣ 'ਤੇ ਭੜਕੇ ਸਨਅਤਕਾਰ, ਕਿਹਾ- ਸੁਝਾਅ ਮੰਗਣ ਦੇ ਨਾਂਅ 'ਤੇ ਪਬਲੀਸਿਟੀ ਕਰ ਰਹੀ ਸਰਕਾਰ - ਵੇਖੋ ਖਾਸ ਰਿਪੋਰਟ
ਏਅਰੋਸਿਟੀ ਦੇ ਨਾਲ ਕਈ ਪਿੰਡ ਲੱਗਦੇ ਹਨ, ਜਿਹਨਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪਿਛਲੇ 4 ਦਿਨਾਂ ਤੋਂ ਬੰਦ ਹੈ। ਇਥੋਂ ਦੇ ਨੇੜਲੇ ਪਿੰਡਾਂ ਬੜੀ, ਬਾਕਰਪੁਰ, ਖੁਰਲੀ, ਸਿਆਊ, ਮਟਰਾਂ ਅਤੇ ਸੇਖਨ ਮਾਜਰਾ ਦੇ ਲੋਕ ਵੀ ਬਿਜਲੀ ਨਾਲ ਕਾਰਨ ਕਾਫ਼ੀ ਪਰੇਸ਼ਾਨ ਹਨ। 4 ਦਿਨਾਂ ਤੋਂ ਬਿਜਲੀ ਨਾਲ ਹੋਣ ਕਾਰਨ ਲੋਕਾਂ ਦੇ ਇਨਵਰਟਰ ਵੀ ਬੰਦ ਹੋ ਗਏ ਹਨ। ਮੋਬਾਈਲ ਫੋਨ ਚਾਰਜ ਨਹੀਂ ਹੋ ਰਹੇ ਅਤੇ ਹੋਰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਇਥੇ ਜ਼ਿਆਦਾਤਰ ਲੋਕ ਕੰਮਕਾਜ਼ੀ ਹਨ ਜਿਸ ਕਰਕੇ ਉਹਨਾਂ ਦੇ ਕੰਮਕਾਰਾਂ ਵਿੱਚ ਵੀ ਵਿਘਨ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਮਿਲ ਕੇ ਪੰਜਾਬ ਸਰਕਾਰ, ਪਾਵਰਕੌਮ ਅਤੇ ਗਮਾਡਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਿਸ ਕਰਕੇ ਏਅਰਪੋਰਟ ਰੋਡ ਤੇ ਲੰਮਾ ਜਾਮ ਲੱਗ ਗਿਆ ਤਾਂ ਪੁਲਿਸ ਨੂੰ ਆ ਕੇ ਮਾਮਲਾ ਸੁਲਝਾਉਣਾ ਪਿਆ।