ਮੋਹਾਲੀ: ਆਰਐੱਸਐੱਸ ਆਗੂ ਜਗਦੀਸ਼ ਗਗਨੇਜਾ ਕਤਲ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਸਬੰਧੀ ਰਿਕਾਰਡ ਜਲੰਧਰ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪਿਆ ਹੈ ਜਿਸ ਸਬੰਧੀ ਐਨਆਈਏ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਉਹ ਰਿਕਾਰਡ ਪੇਸ਼ ਕੀਤਾ ਜਾਵੇ ਪਰ ਪੰਜਾਬ ਪੁਲਿਸ ਜਾਂ ਅਦਾਲਤੀ ਸਟਾਫ ਵੱਲੋਂ ਸਬੰਧਿਤ ਰਿਕਾਰਡ ਐਨਆਈਏ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਐਨਆਈਏ ਨੇ ਜਲੰਧਰ ਡਿਵੀਜ਼ਨ ਨੰਬਰ ਚਾਰ ਦੇ ਐਸਐਚਓ ਨੂੰ ਨਿੱਜੀ ਤੌਰ ਤੇ ਉਕਤ ਸਾਰਾ ਰਿਕਾਰਡ ਪੇਸ਼ ਕਰਨ ਲਈ 20 ਫਰਵਰੀ ਤੱਕ ਨੋਟਿਸ ਜਾਰੀ ਕੀਤਾ ਹੈ।
ਇਹ ਸਾਰੇ ਨਾਮਜ਼ਦ ਸਾਰੇ ਮੁਲਜ਼ਮ ਇਸ ਸਮੇਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਹਨ। ਐੱਨਆਈਏ ਵੱਲੋਂ ਇਸ ਮਾਮਲੇ ਵਿੱਚ ਸ਼ੇਰਾਂ ਅਤੇ ਬੱਗਾ ਨੂੰ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਦੋਂ ਕਿ ਜੱਗੀ ਜੌਹਲ ਤੇ ਵਿਦੇਸ਼ ਤੋਂ ਫੰਡਿੰਗ ਕਰਨ ਦਾ ਦੋਸ਼ ਹੈ। ਇੰਝ ਹੀ ਗੁਗਨੀ ਤੇ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਅਤੇ ਉਸ ਦੇ ਮੈਨੇਜਰ ਰਹੇ ਅਨਿਲ ਕਾਲਾ ਤੇ ਹਥਿਆਰ ਅੱਗੇ ਸਪਲਾਈ ਕਰਨ ਲਈ ਮਦਦ ਕਰਨ ਦਾ ਦੋਸ਼ ਹੈ। ਮਲੂਕ, ਪ੍ਰਵੇਜ਼ ਅਤੇ ਪਹਾੜ ਸਿੰਘ ਵਾਸੀ ਯੂਪੀ ਤੇ ਹਥਿਆਰ ਬਣਾਉਣ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਇਲਜ਼ਾਮ ਹੈ। ਮਨਪ੍ਰੀਤ ਸਿੰਘ ਰਵੀਪਾਲ ਅਤੇ ਅਮਰਿੰਦਰ ਸਿੰਘ ਨੇ ਨਾਮਜ਼ਦ ਮੁਲਜ਼ਮਾਂ ਦੀ ਹਰ ਪੱਖੋਂ ਮਦਦ ਕੀਤੀ ਦੱਸੀ ਗਈ ਹੈ।