ਮੋਹਾਲੀ: ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਲਿਆਉਣ ਦੇ ਮਾਮਲੇ ਦੇ ਵਿੱਚ ਮੋਹਾਲੀ ਸਥਿਤ ਐਨਆਈਏ(ਕੌਮੀ ਜਾਂਚ ਏਜੰਸੀ) ਦੀ ਸਪੈਸ਼ਲ ਅਦਾਲਤ ਦੇ ਵਿੱਚ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਜਿੱਥੇ ਅਦਾਲਤ ਵਿੱਚ ਬਚਾਓ ਪੱਖ ਦੇ ਵਕੀਲਾਂ ਵੱਲੋਂ ਮੰਗ ਕੀਤੀ ਕਿ ਇਸ ਮਾਮਲੇ ਦਾ ਚਲਾਨ ਛੇਤੀ ਤੋਂ ਛੇਤੀ ਪੇਸ਼ ਹੋਣਾ ਚਾਹੀਦਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਡਰੋਨਾਂ ਦੀ ਬਰਾਮਦਗੀ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਦੀ ਜਾਂਚ ਵਿੱਚ ਮੁਲਜ਼ਮਾਂ ਦੀ ਮੋਹਾਲੀ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ।
ਜਿੱਥੇ ਬਚਾਓ ਪੱਖ ਦੇ ਵਕੀਲਾਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਕਿ ਜਾਂਚ ਕਰ ਰਹੀ ਐਨਆਈਏ ਦੀ ਟੀਮ ਨੇ ਹਾਲੇ ਤੱਕ ਡਰੋਨ ਅਤੇ ਹੋਰ ਹਥਿਆਰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੇ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਇਨ੍ਹਾਂ ਨਾਲ ਛੇੜਛਾੜ ਹੋ ਸਕਦੀ ਹੈ ਹਾਲਾਂਕਿ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਹੁਣ ਪੰਜ ਮਾਰਚ ਤੱਕ ਟਾਲ ਦਿੱਤੀ ਹੈ ਅਤੇ ਜਦੋਂ ਐੱਨਆਈਏ ਦੀ ਜਾਂਚ ਕਰ ਰਹੀ ਟੀਮ ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰੇਗੀ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕੇਗੀ।
ਪਿਛਲੀ ਸੁਣਵਾਈ ਦੌਰਾਨ ਐਨਆਈਏ ਵੱਲੋਂ ਦਾਇਰ ਕੀਤੀ ਮੁਲਜ਼ਮਾਂ ਦੇ ਵਾਈਸ ਸੈਂਪਲ ਲੈਣ ਦੀ ਅਰਜ਼ੀ ਵੀ ਅਦਾਲਤ ਨੇ ਮਨਜ਼ੂਰ ਕਰ ਲਈ ਸੀ ਅਤੇ ਐਨਆਈਏ ਵੱਲੋਂ ਮੁਲਜ਼ਮਾਂ ਦੇ ਵਾਈਸ ਸੈਂਪਲ ਲਏ ਜਾ ਚੁੱਕੇ ਹਨ ਅਤੇ ਹੋ ਸਕਦਾ ਹੈ ਜਲਦ ਹੀ ਚਲਾਨ ਦੇ ਨਾਲ ਵਾਇਸ ਸੈਂਪਲ ਅਤੇ ਬਰਾਮਦ ਕੀਤਾ ਸਾਮਾਨ ਵੀ ਪੇਸ਼ ਕਰੇ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਬਲਬੀਰ ਸਿੰਘ ਉਰਫ ਬਿੰਦਾ ਹਰਭਜਨ ਸਿੰਘ, ਰਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਬਲਵੰਤ ਸਿੰਘ ,ਸੁਖਦੀਪ ਸਿੰਘ ,ਮਾਨ ਸਿੰਘ ,ਸਾਜਨ ਪ੍ਰੀਤ ਸਿੰਘ ,ਗੁਰਦੇਵ ਸਿੰਘ, ਮਲਕੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।