ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ (ਸੀਯੂ), ਮੋਹਾਲੀ ਵਿੱਚ ਇੱਕ ਵਿਦਿਆਰਥਣ ਵੱਲੋਂ (CU nude videos leak case) ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਖਰੜ ਪੁਲਿਸ ਨੇ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ 'ਚ ਮੁਲਜ਼ਮ ਵਿਦਿਆਰਥੀ ਦੇ ਨਾਲ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਸ਼ਿਮਲਾ ਦੇ ਦੋਵੇਂ ਨੌਜਵਾਨਾਂ ਰੰਕਜ ਵਰਮਾ ਅਤੇ ਸੰਨੀ ਮਹਿਤਾ ਨੂੰ ਮੁਲਜ਼ਮਾਂ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਹੁਣ ਇਸ ਮਾਮਲੇ ਦੀ ਸੁਣਵਾਈ ਦੌਰਾਨ ਬਾਕੀ ਦੀ ਕਾਰਵਾਈ ਕਰੇਗੀ।
ਰੰਕਜ ਅਤੇ ਸੰਨੀ ਨੂੰ ਮਿਲ ਸਕਦੀ ਰਾਹਤ: ਦੱਸ ਦੇਈਏ ਕਿ ਹੁਣ ਮਾਮਲਾ ਅਦਾਲਤ 'ਚ ਦੋਸ਼ ਤੈਅ ਕਰਨ ਦੇ ਪੜਾਅ 'ਤੇ ਆਵੇਗਾ। ਇਸ 'ਚ ਸੰਭਾਵਤ ਤੌਰ 'ਤੇ ਰੰਕਜ ਅਤੇ ਸੰਨੀ ਨੂੰ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਪੁਲਿਸ ਕੋਲ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖ਼ਿਲਾਫ਼ ਵੀ ਠੋਸ ਸਬੂਤ ਨਹੀਂ ਸਨ। ਦੋਵੇਂ ਜ਼ਮਾਨਤ 'ਤੇ ਬਾਹਰ ਹਨ। ਜਦਕਿ ਵਿਦਿਆਰਥਣਾਂ ਅਤੇ ਫੌਜੀ ਸੰਜੀਵ ਜੇਲ੍ਹ ਵਿੱਚ ਹਨ।
ਕੀ ਕਹਿੰਦੀ ਹੈ ਚਾਰਜਸ਼ੀਟ: ਖਰੜ ਪੁਲਿਸ ਨੇ ਆਪਣੀ ਦਾਇਰ ਕੀਤੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੰਜੀਵ ਸਿੰਘ ਨੇ ਮੁਲਜ਼ਮ ਵਿਦਿਆਰਥਣ ਤੋਂ ਯੂਨੀਵਰਸਿਟੀ ਦੀਆਂ ਹੋਰ ਵਿਦਿਆਰਥਣਾਂ ਦੀਆਂ ਨਗਨ ਵੀਡੀਓ ਅਤੇ ਫੋਟੋਆਂ ਦੀ ਮੰਗ ਕੀਤੀ ਸੀ। ਜਦੋਂ ਇਹ ਗੱਲ ਯੂਨੀਵਰਸਿਟੀ ਵਿੱਚ ਫੈਲੀ ਤਾਂ ਲਗਭਗ 13 ਹਜ਼ਾਰ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕੀਤਾ। ਸਥਿਤੀ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਬੰਧਨ ਨੂੰ 19 ਸਤੰਬਰ ਤੋਂ 26 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰਨਾ ਪਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SIT ਵੀ ਬਣਾਈ ਗਈ।
ਕੀ ਹੈ ਪੂਰਾ ਮਾਮਲਾ: ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਾਰਡਨ ਨੂੰ ਲੜਕੀ ਨੇ ਸ਼ਿਕਾਇਤ ਕੀਤੀ ਕਿ ਇਕ ਵਿਦਿਆਰਥਣ ਨੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਬਣਾਈ ਹੈ। ਜਦੋਂ ਮੁਲਜ਼ਮ ਵਿਦਿਆਰਥਣ ਤੋਂ ਹੋਰ ਵਿਦਿਆਰਥਣਾਂ ਅਤੇ ਵਾਰਡਨ ਨੇ ਪੁੱਛਗਿੱਛ ਕੀਤੀ ਉਸਨੇ ਕਬੂਲ ਕੀਤਾ ਕਿ ਉਸ ਨੇ ਵੀਡੀਓ ਬਣਾ ਕੇ ਸ਼ਿਮਲਾ ਦੇ ਸੰਨੀ ਮਹਿਤਾ ਨੂੰ ਭੇਜੀ ਹੈ। ਯੂਨੀਵਰਸਿਟੀ ਨੇ ਪੂਰਾ ਦਿਨ ਕੋਈ ਕਾਰਵਾਈ ਨਾ ਕੀਤੀ ਤਾਂ ਵਿਦਿਆਰਥਣਾਂ ਨੇ ਹੰਗਾਮਾ ਕਰ ਦਿੱਤਾ। ਯੂਨੀਵਰਸਿਟੀ ਦੇ ਬੁਲਾਉਣ 'ਤੇ ਜਦੋਂ ਪੁਲਿਸ ਰੋਕਣ ਆਈ ਤਾਂ, ਵਿਦਿਆਰਥਣਾਂ ਨੇ ਉਨ੍ਹਾਂ ਨਾਲ ਝੜਪ ਕਰ ਦਿੱਤੀ। ਪੁਲਿਸ ਦੀਆਂ ਕਾਰਾਂ ਦੀ ਭੰਨਤੋੜ ਕੀਤੀ ਗਈ। ਬਦਲੇ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ। ਜਦੋਂ ਐਤਵਾਰ ਨੂੰ ਹੋਸਟਲ 'ਚ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਮੋਬਾਈਲ 'ਤੇ ਲੜਕੇ ਦੀ ਫੋਟੋ ਦਿਖਾਈ। ਪੁਲਿਸ ਨੇ ਜਵਲਦ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਗਾਇਕ ਬੱਬੂ ਮਾਨ ਨੂੰ ਗੈਂਗਸਟਰਾਂ ਤੋਂ ਖਤਰਾ, ਘਰ ਦੇ ਬਾਹਰ ਵਧਾਈ ਗਈ ਸੁਰੱਖਿਆ