ਮੋਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸੂਬਾ ਪੱਧਰ 'ਤੇ 92 ਕਰੋੜ ਦੀ ਲਾਗਤ ਵਾਲੀ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਆਗਾਜ਼ ਕੀਤਾ ਤਾਂ ਪੰਜਾਬ ਨੇ ਡਿਜੀਟਲ ਖੇਤਰ ਵਿੱਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ। ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰ੍ਹਵੀਂ ਜਮਾਤ ਦੇ 6 ਵਿਦਿਆਥੀਆਂ ਨੂੰ ਨਿੱਜੀ ਤੌਰ 'ਤੇ ਸਮਾਰਟ ਫੋਨ ਸੌਂਪੇ। ਉਥੇ ਹੀ ਮੋਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਤਕਰੀਬਨ ਪਚਵੰਜਾ ਸੌ ਬੱਚਿਆਂ ਨੂੰ ਸਮਾਰਟ ਫੋਨ ਵੰਡੇ ਗਏ।
ਇਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕਰ ਲਿਆ ਗਿਆ ਹੈ ਤੇ ਸਮੇਂ ਦੀ ਲੋੜ ਮੁਤਾਬਕ ਬੱਚਿਆਂ ਨੂੰ ਆਨ-ਲਾਈਨ ਕਲਾਸਾਂ ਲਗਾਉਂ ਦੇ ਵਿੱਚ ਸਮਾਰਟ ਫੋਨ ਮਦਦਗਾਰ ਸਾਬਿਤ ਹੋਵੇਗਾ।
ਸਰਕਾਰ ਵੱਲੋਂ ਆਪਣੇ ਵਾਅਦੇ 'ਚ ਮੋਬਾਇਲ ਦੇ ਨਾਲ ਇੱਕ ਸਾਲ ਦੇ ਲਈ ਇੰਟਰਨੈੱਟ ਡਾਟਾ ਦੇਣ ਦੀ ਦਾ ਵਾਅਦਾ ਵੀ ਕੀਤਾ ਗਿਆ ਸੀ ਬਾਰੇ ਜਦੋਂ ਸਿਹਤ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਬਲਬੀਰ ਸਿੱਧੂ ਨੇ ਕਿਹਾ ਕਿ ਮੋਬਾਇਲ ਡਾਟਾ ਨੌਜਵਾਨ ਖ਼ੁਦ ਰਿਚਾਰਜ ਕਰਵਾ ਲੈਣਗੇ।
ਬਲਬੀਰ ਸਿੱਧੂ ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਬਾਅਦ ਗਿਆਰਵੀਂ ਜਮਾਤ ਦੇ ਬੱਚਿਆਂ ਨੂੰ ਵੀ ਸਮਾਰਟ ਫੋਨ ਵੰਡੇ ਜਾਣਗੇ ਅਤੇ ਇੰਟਰਨੈੱਟ ਦੀ ਵਰਤੋਂ ਰਾਹੀਂ ਬੱਚੇ ਪੜ੍ਹਾਈ ਕਰਨਗੇ ਇਸੇ ਲਈ ਮਾਪਿਆਂ ਨੂੰ ਉਨ੍ਹਾਂ 'ਤੇ ਨਿਗਰਾਨੀ ਵੀ ਰੱਖਣੀ ਪਵੇਗੀ।