ਮੋਹਾਲੀ : ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਹੁਣ ਕਿਸਾਨਾਂ ਦੇ ਸਮਰਥਨ 'ਚ ਕਈ ਹੋਰਨਾਂ ਜੱਥੇਬੰਦੀਆਂ ਸਾਹਮਣੇ ਆਇਆਂ ਹਨ। ਕੁਰਾਲੀ ਵਿਖੇ ਗਊਸੇਵਾ ਕਮਿਸ਼ਨ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਰੋਸ ਰੈਲੀ ਕੱਢੀ।
ਇਹ ਰੋਸ ਰੈਲੀ ਕੁਰਾਲੀ ਬੱਸ ਸਟੈਂਡ ਤੋਂ ਖਰੜ ਵਿਖੇ ਸਥਿਤ ਐਸਡੀਐਮ ਦਫਤਰ ਤੱਕ ਕੱਢੀ ਗਈ। ਇਸ ਮੌਕੇ ਗਊਸੇਵਾ ਕਮਿਸ਼ਨ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਤੇ ਕਿਸਾਨ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਗਊਸੇਵਾ ਕਮਿਸ਼ਨ ਨੇ ਖੇਤੀ ਆਰਡੀਨੈਂਸ ਰੱਦ ਕਰਵਾਉਣ ਸਬੰਧੀ ਤਹਿਸੀਲਦਾਰ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ।
ਗਊਸੇਵਾ ਕਮਿਸ਼ਨ ਦੇ ਵਾਇਰਸ ਚੇਅਰਮੈਨ ਕਮਲਜੀਤ ਚਾਵਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਹ ਤਿੰਨ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਆਰਡੀਨੈਂਸ ਮਹਿਜ਼ ਕਿਸਾਨ ਵਿਰੋਧੀ ਨਹੀਂ ਸਗੋਂ, ਆੜਤੀਆਂ ਤੇ ਵਪਾਰੀਆਂ ਸਣੇ ਹਰ ਵਰਗ ਦੇ ਲੋਕਾਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਆਖਿਆ ਕਿ ਇਹ ਖੇਤੀ ਬਿੱਲ ਆੜਤੀਆਂ, ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਹੈ। ਉਨ੍ਹਾਂ ਅਕਾਲੀ-ਭਾਜਪਾ ਦੇ ਨੇਤਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਹਿਜ ਭਾਜਪਾ ਨੂੰ ਆਪਣੀ ਮਾਂ ਪਾਰਟੀ ਦੱਸਣ ਵਾਲੇ ਸਿਆਸੀ ਆਗੂ ਹੁਣ ਜਨਤਾ ਵਿਚਾਲੇ ਆਉਣ ਤੋਂ ਡਰਦੇ ਹਨ। ਉਨ੍ਹਾਂ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਨੂੰ ਮਹਿਜ਼ ਸਿਆਸੀ ਨਾਟਕ ਦੱਸਿਆ। ਉਨ੍ਹਾਂ ਦੱਸਿਆ ਕਿ ਜੇਕਰ ਰਾਸ਼ਟਰਪਤੀ ਵੱਲੋਂ ਉਨ੍ਹਾਂ ਦਾ ਮੰਗ ਪੱਤਰ ਮੰਜੂਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।