ਮੋਹਾਲੀ: ਜ਼ੀਰਕਪੁਰ ਦੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਮਿਊਨਿਟੀ ਹੈਲਥ ਸੈਂਟਰ ਢਕੋਲੀ ਨੂੰ 100 ਬਿਸਤਰਿਆਂ ਦੇ ਸਬ ਡਿਵੀਜ਼ਨਲ ਹਸਪਤਾਲ ਵਿੱਚ ਅਪਗ੍ਰੇਡ ਕੀਤਾ। ਇਸ ਦਾ ਰਸਮੀ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਜ਼ੀਰਕਪੁਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਆਬਾਦੀ ਕਈ ਗੁਣਾ ਵੱਧਣ ਕਾਰਨ ਸਥਾਨਕ ਲੋਕਾਂ ਵੱਲੋਂ ਹਸਪਤਾਲ ਅਪਗ੍ਰੇਡ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਦੱਸ ਦਈਏ ਕਿ ਸਥਾਨਕ ਲੋਕਾਂ ਨੂੰ ਸਿਵਲ ਹਸਪਤਾਲ ਪੰਚਕੂਲਾ ਤੇ ਚੰਡੀਗੜ੍ਹ ਦੇ ਸਰਕਾਰੀ ਜੀਐਮਸੀਐਚ 32 ਹਸਪਤਾਲ ਸਣੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਸਿਹਤ ਸੇਵਾਵਾਂ ਪੰਜਾਬ ਦੇ ਡਾਇਰੈਕਟਰ ਡਾ. ਜੀ.ਬੀ ਸਿੰਘ ਨੇ ਕਿਹਾ ਕਿ ਢਕੌਲੀ ਹਸਪਤਾਲ ਦੀ ਅਪਗ੍ਰੇਡੇਸ਼ਨ ਨਾਲ ਸਿਹਤ ਸੰਭਾਲ ਪ੍ਰਣਾਲੀ ਤੱਕ ਆਮ ਲੋਕਾਂ ਦੀ ਪਹੁੰਚ ਵਿੱਚ ਸੁਧਾਰ ਹੋਵੇਗਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੋਹਾਲੀ ਦੇ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਮੋਹਾਲੀ ਡਾ. ਦਲਜੀਤ ਸਿੰਘ ਐੱਸਐੱਮਓ ਹਾਜ਼ਰ ਸਨ।