ਮੁਹਾਲੀ: ਟ੍ਰੈਫਿਕ ਸਿੱਖਿਆ ਸੈੱਲ ਵੱਲੋਂ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਨਮ ਵਰ੍ਹੇਗੰਢ ਉੱਤੇ ਬਾਲ ਦਿਵਸ ਮੌਕੇ ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਅਤੇ ਐਸ.ਪੀ. ਟ੍ਰੈਫਿਕ ਕੇਸਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਉੱਤੇ ਐਗਜੋਨੋਬਲ ਕੰਪਨੀ ਦੀ ਸਵੈ ਸੇਵੀ ਸੰਸਥਾ ‘ਪਰਿਵਰਤਨ’ ਦੇ ਸਹਿਯੋਗ ਨਾਲ ਸਰਕਾਰੀ ਕੰਨ੍ਹਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਸਰਕਾਰੀ ਹਾਈ ਸਕੂਲ ਫੇਜ਼-5 ਅਤੇ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫੇਜ਼-5 ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਏ.ਐਸ.ਆਈ. ਜਨਕ ਰਾਜ ਨੇ ਸੈਮੀਨਾਰ ਦੌਰਾਨ ਵਾਹਨ ਚਲਾਉਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2 ਪਹੀਆ ਵਾਹਨ ਚਲਾਉਂਦੇ ਸਮੇਂ ਹਰੇਕ ਨੂੰ ਹੈਲਮਟ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਇਸ ਮੌਕੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ, ਗਲਤ ਸਾਈਡ ਡਰਾਈਵਿੰਗ ਨਾ ਕਰਨ, ਗਲਤ ਸਾਈਡ ਵਾਹਨ ਪਾਰਕ ਨਾ ਕਰਨ, ਰੈੱਡ ਲਾਈਟ ਦੀ ਉਲੰਘਣਾ ਨਾ ਕਰਨ, ਮੋਟਰ ਸਾਈਕਲ ਨਾਲ ਪਟਾਕੇ ਨਾ ਮਾਰਨ, ਵਾਹਨ ਦੇ ਕਾਗਜ਼ਾਤ ਪੂਰੇ ਰੱਖਣ, ਟ੍ਰਿਪਲ ਸਵਾਰੀ ਨਾ ਕਰਨ, ਤੇਜ਼ ਰਫ਼ਤਾਰ ਵਾਹਨ ਨਾ ਚਲਾਉਣ ਅਤੇ ਨਾਬਾਲਗ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੇਣ ਦੀ ਅਪੀਲ ਵੀ ਕੀਤੀ।
ਸੈਮੀਨਾਰ ਦੌਰਾਨ ਜਿਥੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ, ਉਥੇ ਵਾਤਾਵਰਣ ਦੀ ਸ਼ੁੱਧੀ ਲਈ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਸਾਂਝ ਕੇਂਦਰ ਤੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲਾਂ ਦਾ ਸਮੁੱਚਾ ਸਟਾਫ ਮੌਜੂਦ ਸੀ।