ਰੋਪੜ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਦੀ ਜਿੱਤ ਹੋਈ ਹੈ। ਉਨ੍ਹਾਂ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਪ ਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਹਾਰ ਤੋਂ ਬਾਅਦ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਲਕੇ ਦੇ ਵੋਟਰਾਂ ਦਾ ਵੋਟ ਪਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਲਾਗੂ ਕਰਨ ਅਤੇ ਲੋਕਾਂ ਨੂੰ ਆਜ਼ਾਦੀ ਨਾਲ ਬਿਨਾਂ ਡਰ ਲਾਲਚ ਅਤੇ ਬਦਲਾਅ ਲਈ ਬਹੁਤ ਜ਼ਿਆਦਾ ਜਾਗਰੂਕਤਾ ਦੀ ਲੋੜ ਹੈ ਜਿਸ ਲਈ ਆਮ ਆਦਮੀ ਪਾਰਟੀ ਨੂੰ ਬਹੁਤ ਮਿਹਨਤ ਕਰਨੀ ਪਵੇਗੀ।
ਝੂਠੇ ਵਾਅਦੇ ਤੇ ਸੱਚੇ-ਸੁੱਚੇ ਵਾਅਦਿਆਂ 'ਚ ਕੋਈ ਫ਼ਰਕ ਕਰਨਾਂ ਲੋਕਾਂ ਲਈ ਮੁਸ਼ਕਲ ਹੈ ਕਿਉਂਕਿ ਸਦੀਆਂ ਤੋਂ ਰਾਜਨੇਤਾ ਮੂਰਖ ਬਣਾ ਕੇ ਝੂਠੇ ਵਾਅਦਿਆਂ ਨਾਲ ਲੁੱਟਦੇ ਆਏ ਹਨ।ਲੋਕਾਂ ਨੂੰ ਸਿਸਟਮ 'ਤੇ ਵਿਸ਼ਵਾਸ ਨਹੀਂ ਰਿਹਾ ਤੇ ਸੱਚ ਵੀ ਝੂਠ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਫਤਵਾ ਸਵੀਕਾਰ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਇੱਕ ਦਿਨ ਲੋਕਾਂ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ। ਇਕ ਵਾਰ ਮੁੜ ਤੋਂ ਸਾਰੇ ਵਲੰਟੀਅਰਜ਼ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ ਉਨ੍ਹਾਂ ਦਾ ਕੋਟੀ-ਕੋਟੀ ਧੰਨਵਾਦ।