ਮੋਹਾਲੀ: ਕੁਰਾਲੀ-ਮੋਰਿੰਡਾ ਰੋਡ ਉੱਤੇ ਦੇਰ ਰਾਤ ਮੋਟਰਸਾਈਕਲ ਉੱਤੇ ਸਵਾਰ ਤਿੰਨ ਵਿਅਕਤੀਆ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਇੱਕ ਨੌਜਵਾਨ ਤਰਲੋਚਨ ਸਿੰਘ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਤਰਲੋਚਨ ਸਿੰਘ ਬਾਡੀ ਬਿਲਡਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਤੋਂ ਪੰਜਾਬ ਪਰਤਿਆ ਸੀ। ਹਾਦਸੇ ਦੌਰਾਨ ਹਨੇਰੇ ਦਾ ਫਾਇਦਾ ਚੁੱਕਦਿਆਂ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਟਰੱਕ ਨੂੰ ਅੱਗ ਲਾ ਦਿੱਤੀ।
ਇਸ ਮੌਕੇ ਮਾਮਲੇ ਨੂੰ ਸ਼ਾਂਤ ਕਰਨ ਲਈ ਮੋਰਿੰਡਾ, ਰੋਪੜ ਅਤੇ ਸਿੰਘ ਭਗਵੰਤਪੁਰਾ ਦੀ ਪੁਲਿਸ ਨੇ ਪਹੁੰਚ ਕੇ ਭੀੜ ਉੱਤੇ ਕਾਬੂ ਪਾਇਆ ਅਤੇ ਟਰੱਕ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦਾ ਪ੍ਰਬੰਧ ਕੀਤਾ ਗਿਆ। ਟਰੱਕ ਵਿੱਚ ਕੋਈ ਜਲਣਸ਼ੀਲ ਪਦਾਰਥ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਆਉਣ ਤੋਂ ਬਾਅਦ ਵੀ ਅੱਗ ਨਹੀਂ ਬੁਝ ਰਹੀ ਸੀ।
ਸਿੰਘ ਭਗਵੰਤਪੁਰਾ ਦੇ ਐਸਐਚਓ ਦੇਸਰਾਜ ਦਾ ਕਹਿਣਾ ਹੈ ਕਿ ਟਰੱਕ ਮੋਰਿੰਡੇ ਵੱਲੋਂ ਆ ਰਿਹਾ ਸੀ ਅਤੇ ਹਾਦਸੇ ਤੋਂ ਬਾਅਦ ਉਸ ਦਾ ਡਰਾਈਵਰ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਕੀਤੀ ਜੀ ਰਹੀ ਹੈ।