ਰੂਪਨਗਰ: ਨੂਰਪੁਰ ਬੇਦੀ ਦੇ ਬਾਜ਼ਾਰ ਵਿੱਚ ਉਦੋਂ ਭਗਦੜ ਮੱਚ ਗਈ, ਜਦੋਂ ਇੱਕ ਜੰਗਲੀ ਜੀਵ ਸਾਂਬਰ ਨੂਰਪੁਰ ਬੇਦੀ ਦੀ ਗਾਰਮੈਂਟਸ ਦੀ ਦੁਕਾਨ ਵਿੱਚ ਆ ਵੜਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਸੰਜੀਵ ਲੋਟੀਆ ਨੇ ਦੱਸਿਆ ਕਿ ਉਹ ਆਪਣੇ ਦੁਕਾਨ ਵਿੱਚ ਗਾਹਕਾਂ ਨੂੰ ਕੱਪੜੇ ਵੇਚ ਰਹੇ ਸੀ। ਅਚਾਨਕ ਪਿਛਲੇ ਪਾਸੇ ਤੋਂ ਤੇਜ਼ ਗਤੀ ਨਾਲ ਸਾਂਬਰ ਉਨ੍ਹਾਂ ਦੀ ਦੁਕਾਨ ਵਿੱਚ ਆ ਵੜਿਆ। ਇਸ ਨਾਲ ਅਚਾਨਕ ਭਗਦੜ ਮਚ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਦੁਕਾਨ ਦਾ ਨੁਕਸਾਨ ਕੀਤਾ: ਸੰਜੀਵ ਨੇ ਦੱਸਿਆ ਕਿ ਸਾਂਬਰ ਨੇ ਦੂਜੇ ਪਾਸੇ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਉਸਦੇ ਸਿਰ ਵਿੱਚੋਂ ਖੂਨ ਵੀ ਨਿਕਲਿਆ। ਪਰ, ਦੁਕਾਨ ਦੇ ਮਾਲਕ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਸਾਂਭਣ ਨੂੰ ਮੁੜ ਪਿਛਲੇ ਪਾਸੇ ਵੱਲ ਜਾਣ ਲਈ ਮਜ਼ਬੂਰ ਕੀਤਾ ਅਤੇ ਉਹ ਬਾਹਰ ਨਿਕਲ ਗਿਆ। ਦੁਕਾਨ ਦੇ ਮਾਲਕ ਸੰਜੀਵ ਲੋਟੀਆ ਨੇ ਦੱਸਿਆ ਕਿ ਇਸ ਘਟਨਾ ਨਾਲ ਉਸ ਦੀ ਦੁਕਾਨ ਵਿੱਚ ਨੁਕਸਾਨ ਵੀ ਹੋਇਆ ਹੈ। ਉਸ ਨੇ ਜੰਗਲੀ ਜੀਵ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਭਟਕ ਰਹੇ ਸਾਂਬਰ ਨੂੰ ਕਾਬੂ ਵਿੱਚ ਕੀਤਾ ਜਾਵੇ ਅਤੇ ਜੰਗਲੀ ਜੀਵਾਂ ਨੂੰ ਘਣੀ ਆਬਾਦੀ ਵਿੱਚ ਆਉਣ ਤੋਂ ਰੋਕਿਆ ਜਾਵੇ, ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।
ਲੁਧਿਆਣਾ ਵਿੱਚ ਦੇਖਿਆ ਗਿਆ ਸੀ ਤੇਂਦੂਆ : ਇਸ ਤੋਂ ਪਹਿਲਾਂ ਲੁਧਿਆਣਾ ਦੇ ਪੋਸ਼ ਇਲਾਕੇ ਇਲਾਕੇ ਸੈਂਟਰਾ ਗ੍ਰੀਨ ਫਲੈਟ ਵਿੱਚ ਤੇਂਦੂਆ ਦੇਖਿਆ ਗਿਆ ਸੀ। ਫਿਰ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਵੱਡਾ ਤੇਂਦੂਆ ਦੇਖਿਆ ਗਿਆ ਹੈ। ਇਸ ਤੇਂਦੂਆ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ। ਪੰਜਿਆਂ ਦੇ ਨਿਸ਼ਾਨ ਵੀ ਵੇਖੇ ਗਏ ਹਨ, ਇਸੇ ਕਾਰਨ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ। ਇਹ ਤੇਂਦੂਆਂ, ਤਾਂ ਪਕੜ ਵਿੱਚ ਨਹੀਂ ਆਇਆ, ਪਰ ਪੈੜਾਂ ਜ਼ਰੂਰ ਵੱਖ-ਵੱਖ ਥਾਵਾਂ ਉੱਤੇ ਦੇਖੀਆਂ ਗਈਆਂ।
ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਦਾ ਕਾਰਨ ਜੰਗਲਾਂ ਵਿੱਚ ਜੰਗਲੀ ਜਾਨਵਰਾਂ ਲਈ ਖਾਣ ਵਾਲੇ ਪਦਾਰਥਾਂ ਦੀ ਕਮੀ ਮੰਨਿਆ ਜਾ ਰਿਹਾ ਹੈ, ਕਿਉਂਕਿ ਜੰਗਲ ਲਗਾਤਾਰ ਘੱਟਦੇ ਜਾ ਰਹੇ ਹਨ ਅਤੇ ਭੋਜਨ ਦੀ ਤਲਾਸ਼ ਵਿੱਚ ਜਾਨਵਰ ਸ਼ਹਿਰਾਂ ਅਤੇ ਕਸਬਿਆਂ ਵੱਲ ਦਾ ਰੁਖ ਕਰ ਰਹੇ ਹਨ। ਵੱਧ ਭੀੜ ਦੇਖ ਕੇ ਜਾਨਵਰ ਅਤੇ ਇਨਸਾਨ ਦੋਨੇਂ ਘਬਰਾ ਜਾਂਦੇ ਹਨ।