ਰੋਪੜ: ਸਤਲੁਜ ਦਰਿਆ ਵਿੱਚ ਹੁਣ ਪਾਣੀ ਦਾ ਪੱਧਰ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਸਵੇਰੇ ਰੂਪਨਗਰ ਹੈੱਡਵਰਕਸ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਸਲਤੁਜ ਦਰਿਆ ਵਿੱਚ ਪਾਣੀ ਦਾ ਪਧੱਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਰਿਹਾ ਹੈ।
ਈਟੀਵੀ ਭਾਰਤ ਵੱਲੋਂ ਰੂਪਨਗਰ ਹੈੱਡਵਰਕਸ 'ਤੇ ਤੈਨਾਤ ਕਰਮਚਾਰੀ ਕੀਮਤੀ ਲਾਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹੁਣ ਸਤਲੁਜ ਦਰਿਆ ਵਿੱਚ ਸਿਰਫ਼ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ 77 ਹਜ਼ਾਰ 300 ਕਿਉਸਿਕ ਪਾਣੀ ਹੀ ਸਤਲੁਜ ਦਰਿਆ ਵਿੱਚ ਵਗ ਰਿਹਾ ਹੈ। ਇਸ ਤੋਂ ਇਲਾਵਾ ਹੁਣ ਸਰਸਾ ਅਤੇ ਸਵਾ ਜਾਂ ਕੋਈ ਹੋਰ ਨਦੀ ਦਾ ਪਾਣੀ ਦਰਿਆ ਵਿੱਚ ਨਹੀਂ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੈੱਡਵਰਕਸ ਦੇ ਫਲੱਡ ਗੇਟ ਵੀ ਪਾਣੀ ਦੇ ਘਟਣ ਮੁਤਾਬਕ ਡਾਊਨ ਕੀਤੇ ਜਾ ਰਹੇ ਹਨ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਆਮ ਹੋਣਾ ਸ਼ੁਰੂ ਹੋ ਗਿਆ ਹੈ, ਇਸ ਕਰਕੇ ਲੋਕਾਂ ਨੂੰ ਫਿਲਹਾਲ ਹੜ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਦਰਿਆ ਵਿੱਚ ਪਾਣੀ ਪੂਰੇ ਕੰਟਰੋਲ ਵਿੱਚ ਚਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਨਿੱਚਰਵਾਰ ਤੋਂ ਪੰਜਾਬ 'ਚ ਪੈ ਰਹੇ ਮੀਂਹ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਸੀ। ਸਤਲੁਜ ਦਰਿਆ ਦਾ ਪਾਣੀ ਵੱਧਣ ਕਾਰਨ ਪੰਜਾਬ ਭਰ ਦੇ ਕੁਝ ਹਿਸਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਐੱਨਡੀਆਰਐੱਫ਼ ਦੀ ਟੀਮ ਵੱਲੋਂ ਲਗਾਤਾਰ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ।