ਰੂਪਨਗਰ: ਜ਼ਿਲ੍ਹੇ ਵਿੱਚ ਨਵੇਂ ਬੱਸ ਅੱਡੇ ਨੇੜੇ ਸਦਾਬਰਤ ਨੰਗਲ ਚੌਕ ਅਤੇ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਸਥਿਤ ਜਾਇਦਾਦਾਂ ਦਾ ਮਾਮਲਾ ਕਾਫੀ ਭਖ ਗਿਆ ਹੈ। ਦੱਸ ਦਈਏ ਕਿ ਇਸ ਦੀ ਹੁਣ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਹੋ ਗਈ ਹੈ। ਇਨ੍ਹਾਂ ਜਾਇਦਾਦਾਂ ਨੂੰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬਹੁਤ ਹੀ ਘੱਟ ਭਾਅ ਉੱਤੇ ਵੇਚੀਆਂ ਜਾਣ ਦੀ ਗੱਲ ਸਾਹਮਣੇ ਆਈ ਹੈ। ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਲ 1998 ਵਿਚ ਉਸ ਸਮੇਂ ਦੀ ਸਰਕਾਰ ਨੇ ਕੁਝ ਸਰਕਾਰੀ ਜਾਇਦਾਦਾਂ ਦਾ ਰਾਖਵਾਂ ਮੁੱਲ 1200 ਰੁਪਏ ਪ੍ਰਤੀ ਗਜ਼ ਰੱਖਿਆ ਪਰ ਬਾਅਦ ਵਿੱਚ 700 ਰੁਪਏ ਪ੍ਰਤੀ ਗਜ਼ ਕਰ ਦਿੱਤਾ ਗਿਆ ਤੇ 740 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਇਹਨਾਂ ਜਾਇਦਾਦਾਂ ਨੂੰ ਵੇਚ ਦਿੱਤਾ ਗਿਆ ਇਹ ਸਾਰੀਆਂ ਜਾਇਦਾਦਾਂ ਕਰੀਬ 1.5 ਕਰੋੜ ਰੁਪਏ ਵਿਚ ਵੇਚ ਦਿੱਤੀਆਂ ਗਈਆਂ ਜਦਕਿ ਇਹਨਾਂ ਦੀ ਕੀਮਤ ਕਰੀਬ 60 ਕਰੋੜ ਰੁਪਏ ਬਣਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਉਪਰੰਤ ਪਿਛਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਸਮੇਂ ਦੌਰਾਨ ਇਹਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਨੂੰ ਪੁਰਾਣੇ ਭਾਅ ਮੁਤਾਬਕ ਹੀ ਪ੍ਰਵਾਨਗੀ ਦੇ ਦਿੱਤੀ ਜਦਕਿ ਉਸ ਸਰਕਾਰ ਕੋਲ ਇਹ ਜਾਇਦਾਦਾਂ ਬਚਾਉਣ ਦਾ ਮੌਕਾ ਸੀ।
ਵਿਧਾਇਕ ਚੱਢਾ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਲਕਾ ਵਿਧਾਇਕ ਨੇ ਇਹਨਾਂ ਜਾਇਦਾਦਾਂ ਸਬੰਧੀ ਜਾਂਚ ਲਈ ਚੁੱਕੇ ਕਦਮਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਿਹਤ ਹੋਈ ਖਰਾਬ, ਹਸਪਤਾਲ ਭਰਤੀ