ਰੂਪਨਗਰ: ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲਾਜੀ ਰੋਪੜ ਅਤੇ ਸਵਿਨਬਰਨ ਯੂਨੀਵਰਸਿਟੀ ਆਫ਼ ਟੈਕਨੋਲਾਜੀ, ਮੈਲਬਰਨ ਵਲੋਂ ਸੰਯੁਕਤ ਤੌਰ ’ਤੇ ਇੱਕ ਪੀ.ਐਚ.ਡੀ. ਪ੍ਰੋਗਰਾਮ ਦਾ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਪੱਤਰ ’ਤੇ ਆਈ.ਆਈ.ਟੀ. ਰੋਪੜ ਦੇ ਨਿਰਦੇਸ਼ਕ ਅਤੇ ਸਵਾਈਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਉੱਪ ਕੁਲਪੱਤੀ ਵਲੋਂ ਸੰਯੁਕਤ ਰੂਪ ’ਚ ਹਸਤਾਖ਼ਰ ਕੀਤੇ ਗਏ। ਦੱਸਣਯੋਗ ਹੈ ਕਿ ਇਹ ਆਈ.ਆਈ.ਟੀ ਰੋਪੜ ਸੰਸਥਾ ਦਾ ਪਹਿਲਾ ਸੰਯੁਕਤ ਡਿਗਰੀ ਪ੍ਰੋਗਰਾਮ ਹੈ ਤੇ ਇਸ ਦੀ ਅਗਵਾਈ ਸੰਸਥਾ ਦੇ ਅੰਤਰਰਾਸ਼ਟਰੀ ਸਬੰਧ ਦਫ਼ਤਰ ਤੇ ਖੋਜ ਦਫ਼ਤਰ ਵੱਲੋਂ ਕੀਤੀ ਗਈ ਹੈ।
ਸਮਝੌਤੇ ਤਹਿਤ ਦੋਵੇਂ ਸੰਸਥਾਨ ਸੰਯੁਕਤ ਪੀ.ਐੱਚ.ਡੀ. ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਤੇ ਨਿਗਰਾਨੀ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋਏ ਹਨ ਅਤੇ ਇਹ ‘ਸਟੈੱਮ’ ਖੋਜ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਸਮਝੌਤੇ ਦੇ ਮੁਤਾਬਿਕ ਸਾਇੰਸ, ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਸਮੂਹ ਖੇਤਰਾਂ ਦੇ ਵਿਦਿਆਰਥੀ ਸੰਯੁਕਤ ਪੀ.ਐੱਚ.ਡੀ ਪ੍ਰੋਗਰਾਮ ਲਈ ਆਵੇਦਨ ਭਰ ਸਕਦੇ ਹਨ।
ਇਸ ਪ੍ਰੋਗਰਾਮ ਦੇ ਤਹਿਤ ਉਮੀਦਵਾਰਾਂ ਦੀ ਨਿਰਧਾਰਿਤ ਸੰਖਿਆ 10 ਉਮੀਦਵਾਰ ਪ੍ਰਤੀ ਸਾਲ ਰਖੀ ਗਈ ਹੈ। ਵਿਦਿਆਰਥੀ ਸਵਿਨਬਰਨ ਅਤੇ ਰੋਪੜ ਵਿਖੇ ਵਿਕਲਪਿਕ ਜਾਂ ਕ੍ਰਮਵਾਰ ਸਮੇਂ ਲਈ ਖੋਜ ਕਰਨਗੇ। ਇਨ੍ਹਾਂ ਥਾਵਾਂ ’ਤੇ ਠਹਿਰਾਅ ਦਾ ਸਮਾਂ ਅਤੇ ਅੰਤਰਾਲ ਵਿਦਿਆਰਥੀਆਂ ਦੀ ਖੋਜ ਉੱਨਤੀ ਤੇ ਵਿਕਾਸ ’ਤੇ ਨਿਰਭਰ ਕਰੇਗੀ, ਪਰ ਹਰ ਹਾਲਤ ਵਿੱਚ, ਦੋਵੇਂ ਸੰਸਥਾਨਾਂ ਵਿੱਚ ਉਮੀਦਵਾਰਾਂ ਦੇ 12 ਮਹੀਨ ਲੱਗਣੇ ਲਾਜ਼ਮੀ ਹਨ।
ਇਸੀ ਤਰ੍ਹਾਂ ਸਵਿਨਬਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਆਈ. ਆਈ. ਆਈ. ਰੋਪੜ ਦੇ ਪ੍ਰੋਫੈਸਰਾਂ ਅਧੀਨ ਖੋਜ ਕਰਨ ਹਿਤ ਚੁਣਿਆ ਜਾਵੇਗਾ। ਇਸ ਤਹਿਤ ਦੋਵੇਂ ਸੰਸਥਾਨਾਂ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਇਸ ਅਧੀਨ ਉਨ੍ਹਾਂ ਦੀ ਖੋਜ ਤੇ ਅੰਤਰਾਸ਼ਟਰੀ ਯਾਤਰਾ ਦਾ ਖਰਚਾ ਵੀ ਕਵਰ ਕੀਤਾ ਜਾਵੇਗਾ।
ਇਹ ਸੰਯੁਕਤ ਡਿਗਰੀ ਪ੍ਰੋਗਰਾਮ ਦੋਵੇਂ ਸੰਸਥਾਨਾਂ ਵਲੋਂ ਹਸਤਾਖ਼ਰ ਕੀਤੇ ਗਏ ਕਰਾਰ ਪੱਤਰ ਦਾ ਨਤੀਜਾ ਹੈ। ਇਹ ਐੱਮ.ਓ.ਯੂ. ਪੰਜ ਸਾਲ ਦੇ ਅੰਤਰਾਲ ਦੇ ਲਈ ਲਾਗੂ ਰਹੇਗਾ। ਇਸ ਮਗਰੋਂ ਅਗੇਤੇ ਪੰਜ ਸਾਲਾਂ ਦੇ ਅੰਤਰਾਲ ਦੇ ਲਈ ਹਸਤਾਖ਼ਰਾਂ ਮਗਰੋਂ ਇਸ ਦਾ ਮੁੜ ਨਵੀਨੀਕਰਨ ਕੀਤਾ ਜਾ ਸਕਦਾ ਹੈ।
ਦੋਵੇਂ ਸੰਸਥਾਨ ਲਾਹੇਵੰਦ ਤਰੀਕੇ ਨਾਲ ਮਿਲ ਕੇ ਸੰਯੁਕਤ ਰੂਪ ਵਿਚ ਖੋਜ ਅਤੇ ਸਿੱਖਿਅਕ ਗਤੀਵਿਧੀਆਂ ਕਰਨਾ ਚਾਹੁੰਦਾ ਹਨ ਅਤੇ ਇਸ ਦੇ ਨਾਲ ਹੀ ਇੱਕ ਦੂਜੇ ਦੇ ਡਾਕਟੋਰਲ ਪ੍ਰੋਗਰਾਮਾਂ ਵਿਚ ਸਹਿਕਾਰਤਾ ਦੀ ਤਲਾਸ਼ ਕਰਨਾ ਚਾਹੁੰਦੇ ਹਨ।