ਰੂਪਨਗਰ : ਸ਼ਹਿਰ 'ਚ ਕਿਸਾਨ ਅਤੇ ਵਪਾਰਕ ਜੱਥੇਬੰਦੀਆਂ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਇਹ ਵਿਰੋਧ ਬਹੁ-ਰਾਸ਼ਟਰੀ ਕੰਪਨੀਆਂ ਦੇ ਨਿੱਜੀਕਰਣ ਨੂੰ ਲੈ ਕੇ ਕੀਤਾ ਜਾ ਰਿਹਾ ਹੈ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੈਂਟਰਲ ਟਰੇਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਦੱਸਿਆ ਕਿ ਸ਼ਹਿਰ ਦੀ ਵਪਾਰਕ ਜੱਥੇਬੰਦੀਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਦੀ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹ ਹੈ। ਉਨ੍ਹਾਂ ਕਿਹਾ ਕਿ 9 ਅਗਸਤ 1942 ਨੂੰ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਲਈ ਅੰਦੋਲਨ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਆਜ਼ਾਦੀ ਮਿਲਣ ਮਗਰੋਂ ਦੇਸ਼ 'ਚ ਨਿੱਜੀਕਰਣ ਵਿਰੋਧੀ ਕਈ ਕਾਨੂੰਨ ਲਿਆਂਦੇ ਗਏ। ਇਸੇ ਅੰਦੋਲਨ ਦੀ ਤਰਜ਼ ਉੱਤੇ 9 ਅਗਸਤ ਨੂੰ ਸ਼ਹਿਰ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ, ਸੈਂਟਰਲ ਟਰੇਡ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਵਰਕਰ ਜ਼ਿਲ੍ਹਾ ਹੈਡਕੁਆਟਰਾਂ 'ਤੇ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਗ੍ਰਿਫ਼ਤਾਰੀਆਂ ਦੇਣਗੇ।
ਉਨ੍ਹਾਂ ਦੱਸਿਆ ਕਿ ਅਸੀਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਦੇਸ਼ ਦੀ ਬਹੁ-ਰਾਸ਼ਟਰੀ ਕੰਪਨੀਆਂ ਦੇ ਨਿੱਜੀਕਰਣ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਸਾਂ ਦਾ ਵਿਰੋਧ ਕਰਦੇ ਹਾਂ। ਕਿਉਂਕਿ ਇਹ ਖੇਤੀ ਆਰਡੀਨੈਸ ਕਿਸਾਨ ਵਿਰੋਧੀ ਹਨ। ਜੇਕਰ ਇਹ ਆਰਡੀਨੈਂਸ ਲਾਗੂ ਹੁੰਦੇ ਹਨ ਤਾਂ ਕਿਸਾਨ ਆਪਣੇ ਹੀ ਖੇਤਾਂ ਦੇ ਮਜ਼ਦੂਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਲੌਕਡਾਊਨ ਦੌਰਾਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਦੀ ਸਾਰ ਨਾ ਲਈ ਗਈ। ਕੇਂਦਰ ਸਰਕਾਰ ਦੇਸ਼ ਦੀ ਵੱਖ-ਵੱਖ ਕੰਪਨੀਆਂ ਨੂੰ ਨਿੱਜੀ ਹੱਥਾਂ ਵੇਚ ਰਹੀ ਹੈ ਜੋ ਕਿ ਗ਼ਲਤ ਹੈ। ਕਾਮਰੇਡ ਨੇ ਦੱਸਿਆ ਕਿ 9 ਅਗਸਤ ਨੂੰ ਮਹਾਰਾਜਾ ਰਣਜੀਤ ਸਿੰਘ ਬਾਗ ਚੋਂ 200 ਦੇ ਕਰੀਬ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਕੋਰੋਨਾ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਤੇ ਹਰ ਵਰਗ ਪਰੇਸ਼ਾਨ ਹੈ। ਅਜਿਹੇ 'ਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੀ ਮਦਦ ਕਰੇ।