ਰੂਪਨਗਰ: ਪੰਜਾਬ ਵਿੱਚ ਇਸ ਸਮੇਂ ਠੰਡ ਦਾ ਜ਼ੋਰਦਾਰ ਕਹਿਰ ਜਾਰੀ ਹੈ। ਕਈ ਥਾਂ ਧੁੱਪ ਨਿਕਲ ਹੀ ਨਹੀਂ ਰਹੀ ਹੈ। ਰੋਪੜ ਦੀ ਜੇਕਰ ਗੱਲ ਕਰੀਏ, ਤਾਂ ਅੱਜ ਇੱਥੇ ਸਵੇਰ ਦਾ ਤਾਪਮਾਨ ਪੰਜ ਡਿਗਰੀ ਦੇ ਨਜ਼ਦੀਕ ਦਰਜ ਕੀਤਾ ਗਿਆ ਹੈ। ਇਸ ਹੱਡ ਜਮਾ ਦੇਣ ਵਾਲੀ ਠੰਡ ਵਿੱਚ ਲੋਕਾਂ ਨੇ ਕਿਹਾ ਹੈ ਕਿ ਠੰਡ ਦੇ ਨਾਲ ਧੁੰਦ ਨੇ ਦੋਹਰੀ ਮਾਰ ਪੈ ਰਹੀ ਹੈ। ਇਸ ਦਾ ਸਿੱਧਾ ਅਸਰ ਸੜਕੀ ਆਵਾਜਾਈ ਅਤੇ ਰੋਜ਼ਮਰਾ ਦੀ ਜ਼ਿੰਦਗੀ ਉੱਤੇ ਸਾਫ ਦਿਖਾਈ ਦੇ ਰਿਹਾ ਹੈ।
ਸੀਜ਼ਨ ਦਾ ਸਭ ਤੋਂ ਠੰਡਾ ਦਿਨ: ਰੋਪੜ ਵਿੱਚ ਅੱਜ ਸਵੇਰੇ 7 ਵਜੇ ਕਰੀਬ ਪੰਜ ਡਿਗਰੀ ਟੈਂਪਰੇਚਰ ਰਿਹਾ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਠੰਡਾ ਸਮਾਂ ਵੀ ਮੰਨਿਆ ਜਾ ਸਕਦਾ ਹੈ। ਹਿਮਾਚਲ ਨਜ਼ਦੀਕ ਹੋਣ ਦੇ ਕਾਰਨ ਠੰਡ ਦਾ ਅਸਰ ਰੋਪੜ ਵਿੱਚ ਜਿਆਦਾ ਦਿਖਾਈ ਦੇ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਹਿਮਾਚਲ 'ਚ ਬਰਫ਼ਬਾਰੀ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਇਸ ਤੋਂ ਬਾਅਦ ਠੰਡ ਦਾ ਪ੍ਰਕੋਪ ਮੈਦਾਨੀ ਇਲਾਕਿਆਂ ਦੇ ਵਿੱਚ ਹੋਰ ਵੀ ਵਧ ਸਕਦਾ ਹੈ।
ਦਿਹਾੜੀ ਕਰਨ ਵਾਲਿਆਂ 'ਤੇ ਠੰਡ ਦਾ ਅਸਰ: ਰੋਜ਼ ਦਿਹਾੜੀ-ਡੱਪਾ ਕਰਨ ਵਾਲੇ ਸਥਾਨਕ ਵਾਸੀਆਂ ਨੇ ਕਿਹਾ ਕਿ ਠੰਡ ਕਰਕੇ ਅਤੇ ਧੁੰਦ ਕਾਰਨ ਕਈ ਦਿਨਾਂ ਤੋਂ ਕੰਮ ਕਾਜ ਬਹੁਤ ਸੁਸਤ ਪਿਆ ਹੋਇਆ ਹੈ। ਤਿੰਨ-ਚਾਰ ਦਿਨ ਹੋ ਗਏ ਹਨ ਕਿ ਦਿਹਾੜੀਆਂ ਵੀ ਨਹੀਂ ਲੱਗ ਰਹੀਆਂ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਆਰਥਿਕਤਾ ਉੱਤੇ ਪੈ ਰਿਹਾ ਹੈ। ਉਹ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਨ ਕਿ ਜਲਦ ਠੰਡ ਤੋਂ ਨਿਜਾਤ ਮਿਲੇ। ਉਨ੍ਹਾਂ ਕਿਹਾ ਕਿ ਜੇਕਰ ਕੰਮ ਨਾ ਮਿਲਿਆ, ਤਾਂ ਰੋਜ਼ਾਨਾ ਕਮਾ ਕੇ ਗੁਜ਼ਾਰਾ ਕਰਨ ਵਾਲਿਆਂ ਲਈ ਕਾਫੀ ਮੁਸ਼ਕਲ ਹੋ ਜਾਂਦੀ ਹੈ।
ਬੱਚੇ ਹੋ ਰਹੇ ਬਿਮਾਰ: ਲੋਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿੱਥੇ ਛੋਟੇ ਬੱਚਿਆਂ ਦੇ ਸਕੂਲ ਜੋ ਪੰਜਵੀਂ ਕਲਾਸ ਤੱਕ ਹਨ ਉਨ੍ਹਾਂ ਨੂੰ ਛੁੱਟੀਆਂ ਕੀਤੀਆਂ ਗਈਆਂ ਹਨ, ਉਸ ਤੋਂ ਉੱਪਰ ਦੀਆਂ ਕਲਾਸਾਂ ਦੇ ਬੱਚਿਆਂ ਨੂੰ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ। ਠੰਡ ਅਤੇ ਧੁੰਦ ਦਾ ਕਹਿਰ ਇਸ ਵਕਤ ਸਭ ਦੇ ਲਈ ਬਰਾਬਰ ਹੈ ਅਤੇ ਅਜਿਹੇ ਕਈ ਕੇਸ ਦੇਖਣ ਨੂੰ ਸਾਹਮਣੇ ਆ ਰਹੇ ਹਨ ਜਿਸ ਵਿੱਚ ਬੱਚੇ ਲਗਾਤਾਰ ਬਿਮਾਰ ਹੋ ਰਹੇ ਹਨ। ਬਿਮਾਰ ਹੋਣ ਦਾ ਕਾਰਨ ਠੰਡ ਨੂੰ ਮੰਨਿਆ ਜਾ ਰਿਹਾ ਹੈ। ਆਮ ਤੌਰ ਉੱਤੇ ਖਾਂਸੀ, ਜੁਕਾਮ ਅਤੇ ਤੇਜ਼ ਬੁਖਾਰ ਹੋ ਰਿਹਾ ਹੈ।
ਆਵਾਜਾਈ ਉੱਤੇ ਪੈ ਰਿਹਾ ਬੁਰਾ ਪ੍ਰਭਾਵ: ਸੜਕੀ ਆਵਾਜਾਈ ਉੱਤੇ ਇਸ ਧੁੰਦ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਧੁੰਦ ਕਾਰਨ ਸੜਕਾਂ ਉੱਤੇ ਵਿਜ਼ੀਬਿਲਟੀ ਘੱਟ ਹੈ। ਸੜਕੀ ਹਾਦਸੇ ਹੋਣ ਦਾ ਵੀ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਇਨ੍ਹਾਂ ਦਿਨਾਂ ਵਿੱਚ ਸੜਕ ਹਾਦਸਿਆਂ ਦੇ ਵਧ ਮਾਮਲੇ ਸਾਹਮਣੇ ਆਉਂਦੇ ਹਨ। ਉੱਥੇ ਹਵਾਈ ਤੇ ਰੇਲ ਯਾਤਰਾ ਵੀ ਪ੍ਰਭਾਵਿਤ ਹੁੰਦੀ ਹੈ।