ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੌਰਾਨ ਨਿਹੰਗ ਸਿੰਘ ਪਰਦੀਪ ਸਿੰਘ ਦੇ ਕਤਲ 'ਤੇ ਪਿੰਡ ਨਲਹੋਟੀ ਦੇ ਨੌਜਵਾਨ ਸਤਬੀਰ ਸਿੰਘ ਲਾਡੀ ਦੀ ਵੱਡ ਟੁੱਕ ਮਾਮਲੇ ਦੀ ਸਥਾਨਕ ਪਿੰਡ ਵਾਸੀਆਂ ਤੇ ਇਲਾਕੇ ਦੇ ਮੋਹਤਬਰਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਅੱਜ ਪਿੰਡ ਉਪਰਲੀ ਨਲਹੋਟੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਭਾਰੀ ਇਕੱਠ ਦੌਰਾਨ ਸਮੂਹ ਸੰਗਤਾਂ ਨੇ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ।
ਜ਼ਿੰਦਗੀ ਤੇ ਮੌਤ ਦੀ ਲੜਾਈ : ਪਿੰਡ ਵਾਸੀਆਂ ਨੇ ਕਿਹਾ ਕਿ ਉਥੇ ਹੋਈ ਲੜਾਈ ਦੌਰਾਨ ਸਾਡੇ ਪਿੰਡ ਦੇ ਨੌਜਵਾਨ ਦਾ ਹੱਥ ਵੀ ਵੱਡ ਦਿੱਤਾ ਤੇ ਨਾਲ ਹੀ ਉਸ ਦੇ ਸਰੀਰ ਦੇ ਕਈ ਅੰਗਾਂ 'ਤੇ ਸੱਟਾਂ ਮਾਰੀਆਂ ਸਨ। ਤੇਜ਼ਧਾਰ ਹਥਿਆਰਾਂ ਨਾਲ ਹਮਲੇ ਹੋਏ। ਉਸ ਵਕਤ ਸਤਵੀਰ ਸਿੰਘ ਦਾ ਪਿਤਾ ਨਿਰੰਜਣ ਸਿੰਘ ਆਪਣੇ ਪਿੰਡ ਉਪਰਲੀ ਨਲਹੋਟੀ ਵਿਖੇ ਹੀ ਸੀ। ਪਰ ਪੁਲਿਸ ਨੇ ਘਰ ਬੈਠੇ ਉਸ ਦੇ ਪਿਤਾ ਨਿਰੰਜਣ ਸਿੰਘ ਤੇ ਪਰਚਾ ਦਰਜ ਕਰ ਦਿੱਤਾ। ਜਦ ਕਿ ਉਹਨਾਂ ਦਾ ਪੁੱਤਰ ਤੇ ਪੀੜਤ ਨੌਜਵਾਨ ਸਤਵੀਰ ਸਿੰਘ ਪੀਜੀਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪੀੜਤ ਧਿਰ ਬਿਆਨ: ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇਸ ਪਰਿਵਾਰ ਦਾ ਇਸ ਘਟਨਾ ਦੇ ਵਿਚ ਕੋਈ ਦੋਸ਼ ਨਹੀਂ ਹੈ, ਬਲਕਿ ਇਹ ਪਰਿਵਾਰ ਖੁਦ ਪੀੜਤ ਧਿਰ ਹੈ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿਚ ਪਿੰਡ ਦੇ ਆਮ ਲੋਕਾਂ ਔਰਤਾਂ, ਸਧਾਰਨ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰੇ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਂ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਜਿੱਥੇ ਸਾਨੂੰ ਨਿਹੰਗ ਸਿੰਘ ਦੀ ਮੌਤ ਦਾ ਦੁੱਖ ਹੈ। ਉਥੇ ਹੀ ਇਸ ਨਲਹੋਟੀ ਪਿੰਡ ਦੇ ਨੌਜਵਾਨ ਦੀ ਵੱਢ-ਟੁੱਕ ਦਾ ਵੀ ਭਾਰੀ ਰੋਸ ਹੈ।
ਵਿਵਾਦਤ ਮਾਹੌਲ਼: ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਢਿੱਲੀ ਕਾਰਗੁਜ਼ਾਰੀ ਕਾਰਨ ਇਹੋ ਜਿਹੇ ਹਾਲਾਤ ਬਣੇ ਹਨ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬੀ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਪੰਜਾਬ ਸਰਕਾਰ ਨੂੰ ਧਾਰਮਿਕ ਸਥਾਨਾਂ ਤੇ ਦੂਜੇ ਸੂਬਿਆਂ ਦੇ ਵਿੱਚ ਬਾਰ ਬਾਰ ਬਣ ਰਹੇ ਵਿਵਾਦਤ ਮਾਹੌਲ਼ ਨਾਲ ਨਿਪਟਣ ਦੇ ਲਈ ਇੰਟਰ ਸਟੇਟ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਤਾਂ ਕਿ ਭਵਿੱਖ ਵਿੱਚ ਇਹ ਕਮੇਟੀਆ ਸੰਗਤ ਨਾਲ ਤਾਲਮੇਲ ਰੱਖ ਕੇ ਅਜਿਹੇ ਹਾਲਾਤਾਂ ਨੂੰ ਕਾਬੂ ਕਰ ਸਕੇ।
ਹੁੱਲੜਬਾਜ਼ਾਂ ਦੀ ਗਲਤੀ: ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਇਲਾਕੇ ਦੇ ਲੋਕ ਹੋਲਾ ਮਹੱਲਾ ਦੌਰਾਨ ਸ਼ਰਧਾ ਭਾਵਨਾ ਦੇ ਨਾਲ ਲੰਗਰ ਲਗਾਉਂਦੇ ਤੇ ਸੰਗਤਾਂ ਦੇ ਸਵਾਗਤ ਲਈ ਮਹੀਨੇ ਭਰ ਪਹਿਲਾਂ ਤੋਂ ਹੀ ਪੱਬਾਂ ਭਾਰ ਰਹਿੰਦੇ ਹਨ।ਪਰ ਭੀੜ ਦੇ ਰੂਪ ਵਿੱਚ ਸ਼ਾਮਿਲ ਸ਼ਰਾਰਤੀ ਅਨਸਰਾਂ ਤੇ ਹੁੱਲੜਬਾਜ਼ਾਂ ਦੀ ਗਲਤੀ ਦਾ ਨਤੀਜਾ ਬੇਕਸੂਰ ਤੇ ਨਿਰਦੋਸ਼ ਲੋਕਾਂ ਦੇ ਉੱਤੇ ਨਹੀਂ ਮੜਨਾ ਚਾਹੀਦਾ। ਬਲਕਿ ਮਾਮਲੇ ਦੀ ਤਸੱਲੀ ਬਖਸ਼ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਇਸ ਇੱਕਠ ਨੂੰ ਸਰਬਜੀਤ ਕੌਰ ਸਰਬੋ ਸਮੇਤ ਇਲਾਕੇ ਦੇ ਕਈ ਪੱਤਵੰਤੇ ਸੱਜਣਾ ਤੇ ਸਰਪੰਚਾਂ ਵੱਲੋ ਵੀ ਸੰਬੋਧਤ ਕੀਤਾ ਗਿਆ।