ਰੂਪਨਗਰ: ਪੰਜਾਬ ਵਿੱਚ ਅਕਾਲੀਆਂ ਅਤੇ ਭਾਜਪਾ ਦਾ ਗੱਠਜੋੜ ਖ਼ਤਮ ਹੋ ਗਿਆ ਹੈ। ਜਿਸ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਲੀਡਰਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਸਾਬਕਾ ਕੈਬਿਨੇਟ ਮੰਤਰੀ ਮਦਨ ਮੋਹਨ ਮਿੱਤਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਠਜੋੜ ਸਾਬਕਾ ਮਹਰੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਐੱਲ.ਕੇ.ਅਡਵਾਨੀ ਅਤੇ ਪ੍ਰਕਾਸ਼ ਸਿੰਘ ਬਾਦਲ ਸਾਰਿਆਂ ਨੇ ਮਿਲ ਕੇ ਬਣਾਇਆ ਸੀ।
ਇਸ ਗੱਠਜੋੜ ਦੇ ਪਿਆਰ ਦੀ ਉਦਾਹਰਨ ਦਿੰਦਿਆ ਮਿੱਤਲ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਸੀ। ਉਨ੍ਹਾਂ ਕਿਹਾ ਕਿ ਸੀਨੀਅਰ ਲੀਡਰਾਂ ਨੇ ਤਾਂ ਇਹ ਰੁੱਖ ਛਾਂ ਲਈ ਲਾਇਆ ਸੀ, ਪਰ ਹੁਣ ਬੱਚੇ ਕੀ ਚਾਹੁੰਦੇ ਹਨ, ਉਸ ਬਾਰੇ ਕੁੱਝ ਵੀ ਨਹੀਂ ਪਤਾ।
ਮਿੱਤਲ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾ ਰਹੀ ਐੱਮ.ਐੱਸ.ਪੀ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਐੱਮ.ਐੱਸ.ਪੀ. ਮਿਲਣੀ ਸ਼ੁਰੂ ਹੋ ਜਾਵੇਗੀ, ਪਰ ਫ਼ਿਰ ਵੀ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲਿਆ ਤਾਂ ਭਾਜਪਾ ਕਿਸਾਨਾਂ ਦੇ ਨਾਲ ਖੜੀ ਹੈ।
ਮਿੱਤਲ ਨੇ ਸੁਖਬੀਰ ਦੇ ਬੰਬ ਵਾਲੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਇਹ ਸੁਖਬੀਰ ਨੇ ਕੇਂਦਰ ਉੱਤੇ ਨਹੀਂ, ਬਲਕਿ ਆਪਣੇ ਹੀ ਘਰ ਉੱਤੇ ਸੁੱਟਿਆ ਹੈ। ਜਿਸ ਦਾ ਉਸ ਨੂੰ ਖ਼ਾਮਿਆਜ਼ਾ ਭੁਗਤਣਾ ਪਵੇਗਾ।