ਰੂਪਨਗਰ: ਇੱਥੋ ਦੇ ਪਿੰਡ ਕੋਟਲਾ ਟੱਪਰੀਆਂ ਦਾ ਸਰਪੰਚ ਜਦੋਂ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਇੱਕ ਅਵਾਰਾ ਸਾਂਡ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਸਰਪੰਚ ਉੱਤੇ ਜ਼ੋਰਦਾਰ ਹਮਲਾ ਕਰਦਿਆਂ ਸਾਂਡ ਨੇ ਉਸ ਨੂੰ ਜਖ਼ਮੀ ਕਰ ਦਿੱਤਾ।
ਪਿੰਡ ਵਾਲਿਆਂ ਵੱਲੋਂ ਸਰਪੰਚ ਨੂੰ ਰੋਪੜ ਦੇ ਸਰਕਾਰੀ ਐਮਰਜੈਂਸੀ ਵਿੱਚ ਇਲਾਜ ਵਾਸਤੇ ਲਿਆਂਦਾ ਗਿਆ। ਆਵਾਰਾ ਸਾਂਡ ਦੇ ਸ਼ਿਕਾਰ ਇਸ ਸਰਪੰਚ ਦੀ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ। ਇਸ ਮੌਕੇ ਜ਼ਖਮੀ ਹੋਏ ਸਰਪੰਚ ਨੇ ਦੱਸਿਆ ਕਿ ਜਦੋਂ ਉਹ ਖੇਤਾਂ ਵਿੱਚ ਸੀ ਤਾਂ ਉਸ ਵੇਲੇ ਉੱਥੇ ਆਵਾਰਾ ਸਾਂਡ ਨੇ ਉਸ 'ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਸ ਦੇ ਗੁੱਝੀਆਂ ਸੱਟਾਂ ਲੱਗੀਆਂ ਅਤੇ ਉਸ ਦੇ ਮੂੰਹ ਦੇ ਚਾਰ ਦੰਦ ਵੀ ਟੁੱਟ ਗਏ ਹਨ।
ਉਧਰ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਦੇ ਇੱਕ ਨੌਜਵਾਨ ਨੇ ਕਿਹਾ ਕਿ ਉਕਤ ਆਵਾਰਾ ਸਾਂਡ ਵੱਲੋਂ ਨਾਲ ਦੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਬਿਜਲੀ ਅਤੇ ਹੋਰ ਕਈ ਬਿੱਲਾਂ ਦੇ ਵਿੱਚ ਆਵਾਰਾ ਪਸ਼ੂਆਂ ਵਾਸਤੇ ਟੈਕਸ ਵੀ ਭਰਦੇ ਹਾਂ, ਪਰ ਮੌਜੂਦਾ ਸਰਕਾਰ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਵਿੱਚ ਡੇਢ ਦਰਜਨ ਤੋਂ ਵੀ ਵੱਧ ਆਵਾਰਾ ਪਸ਼ੂਆਂ ਨਾਲ ਜ਼ਖ਼ਮੀ ਹੋਏ ਲੋਕ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਰੋਕਣ ਵਾਸਤੇ ਕੀ ਪ੍ਰਬੰਧ ਕਰਦਾ ਹੈ।
ਇਹ ਵੀ ਪੜ੍ਹੋ: ਜਨਰਲ ਬਿਪਿਨ ਰਾਵਤ ਨੇ ਕਿਹਾ, ਫ਼ੌਜ ਰਾਜਨੀਤੀ ਤੋਂ ਦੂਰ ਰਹਿੰਦੀ ਹੈ