ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਨਸ਼ਾ ਤਰਕਰੀ ਵਿਰੁੱਧ ਕਾਰਵਾਈ ਕਰਦੇ ਹੋਏ ਪਿੰਡ ਮਜਾਰੀ ਵਿਖੇ ਛਾਪੇਮਾਰੀ ਦੌਰਾਨ ਜੰਗਲਾਂ ਵਿੱਚੋਂ 1400 ਲੀਟਰ ਕੱਚੀ ਸ਼ਰਾਬ ਫੜੀ ਹੈ। ਪੁਲਿਸ ਨੇ ਮੌਕੇ ਤੋਂ 7 ਭੱਠੀਆਂ ਵੀ ਫੜੀਆਂ, ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਪੁਲਿਸ ਨੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਐਸਐਸਪੀ ਰੂਪਨਗਰ ਦੇ ਅਖਿਲ ਚੌਧਰੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਅਰੰਭੀ ਹੋਈ ਹੈ। ਇਸ ਮੁਹਿੰਮ ਤਹਿਤ ਹੀ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਹਿਮਾਚਲ ਦੀ ਸਰਹੱਦ 'ਤੇ ਸਥਿਤ ਪਿੰਡ ਮਜਾਰੀ ਵਿੱਚ ਕੁੱਝ ਲੋਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ, ਜੋ ਪੰਜਾਬ ਵਿੱਚ ਵੇਚੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਮੌਕੇ 'ਤੇ ਕਾਰਵਾਈ ਕਰਦਿਆਂ ਪਿੰਡ ਮਜਾਰੀ, ਜੋ ਹਿਮਾਚਲ ਪ੍ਰਦੇਸ਼ ਦੀ ਹੱਦ 'ਤੇ ਸਥਿਤ ਹੈ, ਦੇ ਪਿੰਡ ਵਿਚਲੇ ਜੰਗਲਾਂ ਵਿੱਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪਿੰਡ ਦੇ ਜੰਗਲਾਂ ਵਿੱਚੋਂ 1400 ਲੀਟਰ ਕੱਚੀ ਸ਼ਰਾਬ ਬਰਾਮਦ ਹੋਈ, ਜੋ ਕਿ 7 ਡਰੰਮਾਂ ਵਿੱਚ ਭਰੀ ਹੋਈ ਸੀ ਅਤੇ ਜ਼ਮੀਨ ਹੇਠਾਂ ਦੱਬੀ ਪਈ ਸੀ। ਇਸਦੇ ਨਾਲ ਹੀ ਪਿੰਡ ਦੇ ਜੰਗਲਾਂ ਵਿੱਚ ਵੱਖ-ਵੱਖ ਥਾਵਾਂ ਤੋਂ ਮੌਕੇ 'ਤੇ ਚਾਲੂ ਭੱਠੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਹੈ।
ਡੀਐਸਪੀ ਕਾਹਲੋਂ ਨੇ ਕਿਹਾ ਕਿ ਮਾਮਲੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਦੀਦਾਰ ਸਿੰਘ, ਇੰਦਰਜੀਤ ਕਾਕਾ ਅਤੇ ਸ਼ੰਕਰ ਵਿਰੁੱਧ ਮੁਕੱਦਮਾ ਨੰਬਰ 176 ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।