ਸ੍ਰੀ ਆਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ 2 ਤਖ਼ਤ ਸਾਹਿਬਾਨਾਂ ਨੂੰ ਆਪਸ ਵਿੱਚ ਜੋੜਦੀ ਮੁੱਖ ਸੜਕ ਜਿਸ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਖਸਤਾ ਹੋ ਚੁੱਕੀ ਸੀ। ਇਸ ਸੜਕ ਨੂੰ ਨਵੇਂ ਸਿਰਿਓਂ ਬਣਾਉਣ ਦਾ ਕੰਮ ਕੁੱਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਜਿਸ ਨੂੰ ਲੈ ਪਿੰਡ ਵਾਸੀਆਂ ਅਤੇ ਇੱਥੋਂ ਲੰਘਣ ਵਾਲੇ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਸੀ। ਪਰ ਹੁਣ ਕੁੱਝ ਹਫ਼ਤਿਆਂ ਤੋਂ ਸੜਕ ਦਾ ਕੰਮ ਬੰਦ ਹੋਇਆ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਇਥੋਂ ਲੰਘਣ ਵੇਲੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮੁੱਖ ਸੜਕ ਦਾ ਕੰਮ ਬੀਤੇ ਕਈ ਦਿਨਾਂ ਤੋਂ ਬੰਦ ਹੋ ਜਾਣ ਤੋਂ ਦੁਖੀ ਪਿੰਡ ਅਗੰਮਪੁਰ ਵਾਸੀਆਂ ਇਕੱਠੇ ਹੋ ਕੇ ਸਰਕਾਰ ਤੋਂ ਇਸ ਦਾ ਕੰਮ ਮੁੜ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਸੜਕ 'ਤੇ ਪਏ ਵੱਡੇ-ਵੱਡੇ ਖੱਡਿਆਂ ਕਾਰਨ ਬੀਤੀ ਰਾਤ ਪਿੰਡ ਅਗੰਮਪੁਰ ਮੁੱਖ ਮਾਰਗ ਦੇ ਦੋਵੇਂ ਪਾਸੇ ਟਿੱਪਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਣ ਕਾਰਨ ਜਾਮ ਦੀ ਸਥਿਤੀ ਬਣ ਗਈ। ਸਰਕਾਰ ਵਲੋਂ ਭਾਵੇਂ ਮਾਈਨਿੰਗ 'ਤੇ ਇਸ ਸਮੇਂ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਹੋਈ ਹੈ, ਪਰ ਸੜਕ ਦੇ ਦੋਨੋਂ ਪਾਸੇ ਟਿੱਪਰਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਸਨ|
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਰੋਡ ਉੱਤੇ ਏਨੀ ਧੂੜ ਉੱਡਦੀ ਹੈ ਕਿ ਲੋਕਾਂ ਨੂੰ ਦਮੇ ਦੀ ਬਿਮਾਰੀ ਹੋਣ ਦਾ ਵੀ ਡਰ ਹੈ। ਉਨ੍ਹਾਂ ਦੱਸਿਆ ਕਿ ਲੋਕਲ ਲੋਕਾਂ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਇਸ ਸੜਕ ਉੱਤੋਂ ਗੁਜਰਣ ਮੌਕੇ ਭਾਰੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਦੱਸਿਆਂ ਕਿ ਸੜਕ 'ਤੇ ਐਨੇ ਵੱਡੇ ਵੱਡੇ ਖੱਡੇ ਬਣੇ ਹੋਏ ਹਨ, ਜਿਸ ਕਾਰਨ ਅੱਜ ਦੁਪਹਿਰ ਸਮੇਂ ਇੱਥੋਂ ਲੰਘਦਾ ਇੱਕ ਟਿੱਪਰ ਸੜਕ ਦੇ ਵਿਚਕਾਰ ਹੀ ਪਲਟ ਗਿਆ ਸੀ |
ਸੂਤਰਾਂ ਅਨੁਸਾਰ ਇਸ ਸੜਕ ਦਾ ਨਿਰਮਣਆ ਕਰ ਰਹੀ ਬਿਲਡਰ ਕੰਪਨੀ ਦਾ ਸਰਕਾਰ ਵੱਲ 8-9 ਕਰੋੜ ਰੁਪਇਆ ਬਕਾਇਆ ਪਿਆ ਹੋਇਆ ਹੈ, ਜਿਸ ਕਾਰਨ ਮਜਬੂਰਨ ਕੰਪਨੀ ਨੂੰ ਇਸ ਸੜਕ ਦਾ ਕੰਮ ਬੰਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਬਕਾਇਆ ਰਕਮ ਮਿਲਦਿਆਂ ਹੀ ਇਸ ਸੜਕ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ।
ਜਦੋ ਇਸ ਬਾਰੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਰਾਮ ਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਡਿਆ ਵਲੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਕੰਮ ਬੰਦ ਪਿਆ ਹੈ ਅਤੇ ਓਹ ਐੱਸ.ਡੀ.ਓ ਸੜਕ ਵਿਭਾਗ ਨਾਲ ਗੱਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਕੰਮ ਕਿਉਂ ਬੰਦ ਹੋਇਆ ਹੈ। ਨਾਲੇ ਜਲਦੀ ਤੋਂ ਜਲਦੀ ਸੜਕ ਦਾ ਕੰਮ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੀ ਵੀ ਪ੍ਰਕਾਰ ਦੀ ਪਰੇਸ਼ਾਨੀ ਨਹੀ ਹੋਣ ਦਿੱਤੀ ਜਾਵੇਗੀ ।