ਆਨੰਦਪੁਰ ਸਾਹਿਬ: ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਲੌਕਡਾਊਨ ਦਾ ਪੰਜਵਾਂ ਪੜਾਅ ਜਾਰੀ ਹੈ। ਲੌਕਡਾਊਨ ਕਾਰਨ ਤਕਰੀਬਨ ਦੋ ਮਹੀਨੇ ਤੋਂ ਧਾਰਮਿਕ ਸਥਾਨ, ਮਾਲਜ਼ ਅਤੇ ਰੈਸਟੋਰੈਂਟ ਸਭ ਬੰਦ ਹਨ, ਪਰ 8 ਜੂਨ ਤੋਂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨੂੰ ਕੁੱਝ ਸ਼ਰਤਾਂ ਅਤੇ ਹਦਾਇਤਾਂ 'ਤੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸੇ ਤਹਿਤ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਵੀ ਸੰਗਤ ਦੀ ਆਮਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਇਸ ਬਾਰੇ ਗੱਲਬਾਤ ਕਰਦਿਆਂ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਗੁਰੂ ਘਰਾਂ ਵਿੱਚ ਸੰਗਤ ਦੀ ਗਿਣਤੀ ਬਹੁਤ ਘੱਟ ਸੀ, ਜਿਸ ਕਰਕੇ ਉਹ ਧਾਰਮਿਕ ਸਥਾਨ ਖੋਲ੍ਹਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆਉਣ ਵਾਲੀ ਸੰਗਤ ਨੂੰ ਸੈਨੇਟਾਈਜ਼ ਕਰਨ ਲਈ ਇੱਕ ਗੇਟ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਵੱਲੋਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।