ਰੋਪੜ: ਵੀਰਵਾਰ ਨੂੰ ਰੂਪਨਗਰ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਚੈਅਰਮੈਨ ਅਤੇ ਉਪ ਚੈਅਰਮੈਨ ਨੇ ਆਪਣੇ-ਆਪਣੇ ਦਫਤਰਾਂ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਅਹੁਦੇ ਸੰਭਾਲੇ।
ਇਸ ਦੌਰਾਨ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਸੰਮਤੀ ਰੂਪਨਗਰ ਦੇ ਚੈਅਰਮੈਨ ਰੁਪਿੰਦਰ ਸਿੰਘ (ਰਾਜੂ) ਚੈੜੀਆਂ, ਉੱਪ ਚੇਅਰਪਰਸਨ ਕਮਲਜੀਤ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੀ ਚੈਅਰਪਰਸਨ ਕ੍ਰਿਸ਼ਨਾ ਦੇਵੀ ਅਤੇ ਉਪ ਵਾਇਸ ਚੈਅਰਪਰਸਨ ਬਿਮਲ ਕੌਰ ਨੇ ਅਹੁੱਦਾ ਸੰਭਾਲ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਸੌਪੀਆਂ ਹੈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਲਈ ਜ਼ਿਲ੍ਹਾ ਪ੍ਰੀਸ਼ਦ ਮੁੱਖ ਭੂਮਿਕਾ ਨਿਭਾਉਂਦੀ ਹੈ। ਇਸ ਲਈ ਵਿਕਾਸ ਕਾਰਜ਼ਾ ਲਈ ਜਾਰੀ ਕੀਤੀ ਜਾਂਦੀ ਰਾਸ਼ੀ ਸਹੀ ਜਗ੍ਹਾਂ ਉੱਤੇ ਲੱਗਣੀ ਚਾਹੀਦੀ ਹੈ ਤਾਂ ਕਿ ਉਸ ਦਾ ਸਾਰਿਆਂ ਨੂੰ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਾਰਿਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ ਅਤੇ ਸਮਾਂ ਆਉਣ ਉੱਤੇ ਹੋਰ ਵੀ ਮੈਬਰਾਂ ਨੂੰ ਯੋਗਤਾ ਮੁਤਾਬਕ ਜ਼ਿੰਮੇਵਾਰੀਆਂ ਸੌਪੀਆਂ ਜਾਣਗੀਆਂ ।
ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਰੋਪੜ ਜ਼ਿਲ੍ਹਾ ਰਾਜ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਧਾਰਮਿਕ ਤੌਰ ਉੱਤੇ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਨਵ ਨਿਯੁਕਤ ਅਹੁੱਦੇਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੌਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਪਹਿਲਾ ਤੋਂ ਜਾਰੀ ਵਿਕਾਸ ਕਾਰਜਾਂ ਨੂੰ ਹੋਰ ਵੀ ਅੱਗੇ ਵਧਾਉਣ।