ਰੂਪਨਗਰ: ਨਬਾਰਡ ਦੇ ਸਹਿਯੋਗ ਨਾਲ ਤਿਆਰ ਕੀਤਾ ਈ-ਸ਼ਕਤੀ ਪ੍ਰੋਜੈਕਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਂਚ ਕੀਤਾ। ਈ-ਸ਼ਕਤੀ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਵੀ.ਕੇ.ਸ਼ਰਮਾ ਨੇ ਦੱਸਿਆ ਕਿ ਈ-ਸ਼ਕਤੀ ਪ੍ਰੋਜੈਕਟ ਅਧੀਨ ਰੂਪਨਗਰ ਜ਼ਿਲ੍ਹੇ ਦੇ 250 ਸੈਲਫ ਹੈਲਪ ਗਰੁੱਪਾਂ ਦੀ ਡਿਜੀਟਾਈਜ਼ੇਸ਼ਨ ਕੀਤੀ ਜਾਵੇਗੀ ਅਤੇ ਹਰੇਕ ਮੈਂਬਰ ਦਾ ਪੂਰਾ ਵੇਰਵਾ ਆਨ ਲਾਈਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਡਿਜੀਟਾਈਜੇਸ਼ਨ ਨਾਲ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਬੈਂਕਾਂ ਤੋਂ ਕਰਜੇ ਲੈਣ ਵਿੱਚ ਅਸਾਨੀ ਹੋਵੇਗੀ ਅਤੇ ਉਸ ਕਰਜ਼ੇ ਨਾਲ ਉਹ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਮੈਂਬਰਾਂ ਨੂੰ ਰੋਜ਼ਗਾਰ ਹਾਸਲ ਹੋਵੇਗਾ ਉਥੇ ਹੀ ਉਨ੍ਹਾਂ ਦੇ ਆਰਥਿਕ ਪੱਧਰ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਨਾਬਾਰਡ ਵੱਲੋਂ ਮੈਂਬਰਾਂ ਨੂੰ ਆਨ ਲਾਈਨ ਵੇਰਵੇ ਵੇਖਣ ਲਈ ਜਾਂ ਅਪਲੋਡ ਕਰਨ ਲਈ ਮੋਬਾਇਲ ਲੈਣ ਵਾਸਤੇ 5000 ਰੁਪਏ ਦਿੱਤੇ ਜਾਣਗੇ ਅਤੇ ਜਿਹੜੇ ਮੈਂਬਰ ਮੋਬਾਇਲ ਲੈਣਾ ਨਹੀਂ ਚਾਹੁਣਗੇ ਉਨ੍ਹਾਂ ਨੂੰ ਮੋਬਾਇਲ ਦਾ ਕਿਰਾਏ ਤੋਂ ਇਲਾਵਾ ਇੰਟਰਨੈਟ ਦਾ ਖਰਚਾ ਵੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਵੱਖ-ਵੱਖ ਧੰਦਿਆਂ ਦੀ ਸਿਖਲਾਈ ਆਰਸੇਟੀ ਤੋਂ ਦਿਵਾਈ ਜਾਵੇਗੀ ਤਾਂ ਜੋ ਉਹ ਆਪਣੀ ਪਸੰਦ ਦਾ ਕਾਰੋਬਾਰ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਦਾ ਸਾਰਾ ਡਾਟਾ ਕੰਪਿਊਟਰਾਈਜ਼ਡ ਹੋਣ ਨਾਲ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਲਈ ਬੈਂਕਾਂ ਤੋਂ ਕਰਜ਼ੇ ਲੈਣ ਵਿੱਚ ਵੀ ਕਾਫੀ ਸੌਖ ਹੋਵੇਗੀ।ਇਸ ਮੌਕੇ ਐਲ.ਡੀ.ਐਮ. ਸੁਸ਼ੀਲ ਕੁਮਾਰ ਨੇ ਕਿਹਾ ਕਿ ਈ. ਸ਼ਕਤੀ ਪ੍ਰੋਜੈਕਟ ਨਾਲ ਸੈਲਫ ਹੈਲਪ ਗਰੁੱਪਾਂ ਦੇ ਕੰਮਾ ਵਿੱਚ ਪਾਰਦਰਸ਼ਤਾ ਆਵੇਗੀ ਤੇ ਬੈਂਕਾਂ ਨਾ ਕਰਜਾ ਦੇਣ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।