ਰੋਪੜ: ਸਥਾਨ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਆਪਣੀ ਤਰ੍ਹਾਂ ਦੇ ਨਵੇਕਲੀ ਪਹਿਲਕਦਮੀ ਅਧੀਨ ਐਤਵਾਰ ਨੂੰ ਰੂਪਨਗਰ ਪੁਲਿਸ ਵੱਲੋਂ ਛੋਟੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਨੂੰ ਦੋਵੇਂ ਧਿਰਾਂ ਦੇ ਆਪਸੀ-ਸਮਝੌਤੇ ਨਾਲ ਮੌਕੇ ’ਤੇ ਹੀ ਨਿਪਟਾਉਣ ਲਈ ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ’ ਮੁਹਿੰਮ ਸ਼ੁਰੂਆਤ ਕੀਤੀ ਹੈ।
‘ਪੁਲਿਸ ਤੁਹਾਡੀਆਂ ਬਰੂਹਾਂ ’ਤੇ ’ ਮੁਹਿੰਮ ਅਧੀਨ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ 10 ਕੈਂਪ ਲਗਾਏ ਗਏ, ਜਿਸ ਵਿੱਚ ਵੱਡੀ ਗਿਣਤੀ ਵਿੱਚ 4000 ਲੋਕਾਂ ਨੇ ਭਾਗ ਲਿਆ ਅਤੇ 530 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੈਂਪ ਦੌਰਾਨ ਸ਼ਿਕਾਇਤ ਕਰਤਾ ਅਤੇ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਆਪਸੀ ਰਜ਼ਾਮੰਦੀ ਨਾਲ ਸਮਝੌਤੇ ਕੀਤੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰੋਪੜ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਛੋਟੀਆਂ ਸ਼ਿਕਾਇਤਾਂ ਨਾਲ ਵਧ ਰਹੇ ਕਾਰਜ-ਭਾਰ ਨੂੰ ਘਟਾਉਣ ਲਈ ਇਸ ਮਹੀਨਾਵਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਛੋਟੇ ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਪੁਲਿਸ ਅਤੇ ਲੋਕਾਂ ਦਾ ਕਾਫੀ ਸਮਾਂ ਲੱਗ ਜਾਂਦਾ ਹੈ। ਪ੍ਰਬੰਧਕੀ ਅਧਿਐਨਾਂ ਮੁਤਾਬਕ ਇਹ ਪ੍ਰੋਗਰਾਮ ਇੱਕ ਪਾਸੇ ਪੁਲਿਸ ਅਤੇ ਲੋਕਾਂ ਵਿੱਚ ਵਧੀਆ ਤਾਲਮੇਲ ਪੈਦਾ ਕਰੇਗਾ ਅਤੇ ਦੂਜੇ ਪਾਸੇ ਲੋਕਾਂ ਨੂੰ ਇੱਕ ਕੰਮ ਲਈ ਵਾਰ ਵਾਰ ਆਉਣ ਜਾਣ ਲਈ ਖੱਜਲ-ਖਵਾਰ ਨਹੀਂ ਹੋਣਾ ਪਵੇਗਾ।
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹਾਂ ਪੁਲਿਸ ਦਫ਼ਤਰ ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਜੁਰਮਾਂ ਦੀ ਕਿਸਮ ਦੇ ਅਧਾਰ ’ਤੇ ਸੂਚੀਬੱਧ ਕੀਤਾ ਗਿਆ। ਮਹੀਨੇ ਦੇ ਪਹਿਲੇ ਐਤਵਾਰ ਨੂੰ ਸ਼ਿਕਾਇਤ ਕਰਤਾ ਅਤੇ ਦੋਸ਼ੀਆਂ ਨੂੰ ਸਬੰਧਤ ਦਫ਼ਤਰਾਂ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਕੇ ਹੱਲ ਕੀਤਾ ਗਿਆ।