ਰੂਪਨਗਰ : ਪੰਜਾਬ ਦੇ ਵਿੱਚ ਕੈਪਟਨ ਸਰਕਾਰ ਤੋਂ ਹਰ ਵਰਗ ਨਾਰਾਜ਼ ਚੱਲ ਰਿਹਾ ਹੈ, ਜਿੱਥੇ ਸਰਕਾਰੀ ਕਾਲਜ ਦੇ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਪੰਜਾਬ ਰੋਡਵੇਜ਼ ਤੋਂ ਸੇਵਾ ਮੁਕਤ ਪੈਨਸ਼ਨ ਹੋਲਡਰ ਮੁਲਾਜ਼ਮ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹਨ।
ਅੱਜ ਪੰਜਾਬ ਰੋਡਵੇਜ਼ ਦੀ ਮੇਨ ਵਰਕਸ਼ਾਪ ਦੇ ਸਾਹਮਣੇ ਇਨ੍ਹਾਂ ਸੇਵਾ-ਮੁਕਤ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਮਨਾਉਣ ਉੱਤੇ ਬਜਿੱਦ ਰਹੇ।
ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੈਨਸ਼ਨ ਯੂਨੀਅਨ ਦੇ ਕੈਸ਼ੀਅਰ ਮੁਕੰਦ ਲਾਲ ਨੇ ਦੱਸਿਆ ਕਿ ਜਦੋਂ ਦੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਸੇਵਾ-ਮੁਕਤ ਹੋਏ ਹਨ, ਉਦੋਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਸਮੇਂ ਸਿਰ ਨਾ ਤਾਂ ਪੈਨਸ਼ਨ ਮਿਲ ਰਹੀ ਹੈ, ਜੋ ਮਿਲ ਰਹੀ ਹੈ ਉਹ ਵੀ ਅਧੂਰੀ। ਅਸੀਂ ਬੜੇ ਹੈਰਾਨ ਹਾਂ ਕਿ ਸੱਤਰ ਹਜ਼ਾਰ ਜਦੋਂ ਸਾਨੂੰ ਤਨਖ਼ਾਹ ਮਿਲਦੀ ਸੀ ਤੇ ਅੱਜ ਸਾਨੂੰ ਪੈਨਸ਼ਨ 700 ਰੁਪਏ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਸਾਨੂੰ ਸੇਵਾ-ਮੁਕਤ ਮੁਲਾਜ਼ਮਾਂ ਨੂੰ ਸਰਕਾਰ ਲਾਰੇ ਲਾ ਦਿੰਦੀ ਹੈ ਅਤੇ ਥੋੜ੍ਹਾ ਬਹੁਤਾ ਪੈਨਸ਼ਨ ਦਾ ਬਕਾਇਆ ਦੇ ਦਿੰਦੀ ਹੈ। ਪਰ ਹੁਣ ਸਰਕਾਰ ਪੰਜਾਬ ਵਿੱਚ ਸੇਵਾ -ਮੁਕਤ ਮੁਲਾਜ਼ਮਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਹੈ।
ਇਹ ਵੀ ਪੜ੍ਹੋ : ਈਟੀਵੀ ਭਾਰਤ ਦੀ ਖ਼ਬਰ ਦਾ ਹੋਇਆ ਅਸਰ, ਹਰਕਤ 'ਚ ਆਈ ਨਗਰ ਕੌਂਸਲ
ਮੁਕੰਦ ਲਾਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਪੈਨਸ਼ਨ ਸਬੰਧੀ ਸਾਰੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਉਹ ਪੰਜਾਬ ਪੱਧਰ ਉੱਤੇ ਸੰਘਰਸ਼ ਤੇਜ਼ ਕਰਨਗੇ ਅਤੇ ਸਰਕਾਰ ਦੇ ਨੱਕ ਵਿੱਚ ਦਮ ਲਿਆ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਛੇਵੇਂ ਵਿੱਤ ਕਮਿਸ਼ਨ ਦੇ ਅਧੀਨ ਉਨ੍ਹਾਂ ਦੀ ਪੈਨਸ਼ਨ ਵਿੱਚ ਵਾਧਾ ਕਰੇ।
ਕੈਪਟਨ ਸਰਕਾਰ ਵਿਰੁੱਧ ਹਰ ਪਾਸੇ ਕੋਈ ਨਾ ਕੋਈ ਸੰਘਰਸ਼ ਚੱਲ ਰਿਹਾ ਹੈ ਹੁਣ ਪੰਜਾਬ ਦੇ ਰੋਡਵੇਜ਼ ਮਹਿਕਮੇ ਤੋਂ ਸੇਵਾ-ਮੁਕਤ ਪੈਨਸ਼ਨ ਹੋਲਡਰ ਵੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ।