ਰੂਪਨਗਰ: ਪਿਛਲੇ 5 ਦਿਨਾਂ ਤੋਂ ਵਾਰਡ ਨੰਬਰ 11 ਦੀ ਪ੍ਰੀਤ ਕਲੋਨੀ ਦਾ ਰੁਕੇ ਹੋਏ ਸੀਵਰੇਜ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਓਵਰਫਲੋਅ ਹੋਇਆ ਪਾਣੀ ਗਲੀਆਂ ਵਿੱਚ ਘੁੰਮ ਰਿਹਾ ਹੈ ਅਤੇ ਇਹ ਪਾਣੀ ਕੁਝ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋ ਰਿਹਾ ਹੈ। ਇਸ ਸਬੰਧੀ ਸਾਬਕਾ ਐਮਸੀ ਹਰਮਿੰਦਰ ਸਿੰਘ ਆਹਲੂਵਾਲੀਆ, ਨਿਕਸਨ ਕੁਮਾਰ ਅਤੇ ਸੰਦੀਪ ਸ਼ਰਮਾ ਆਦਿ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਮੁਹੱਲਾ ਵਾਸੀ ਨਗਰ ਕੌਂਸਲ ਦੇ ਗੇੜੇ ਮਾਰ ਮਾਰ ਥੱਕ ਗਏ ਹਨ, ਪਰ ਕੌਂਸਲ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰਅ ਨਹੀਂ ਸਰਕ ਰਹੀ।
ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਵਾਰਡ ਦੇ ਲੋਕ ਪਿਛਲੇ 5 ਦਿਨਾਂ ਤੋਂ ਨਹਾਉਣ ਤੋਂ ਵੀ ਔਖੇ ਹਨ। ਇਸ ਸਬੰਧੀ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਨੇ ਦੱਸਿਆ ਕਿ ਉਕਤ ਸਮੱਸਿਆ ਦਾ ਪੱਕਾ ਹੱਲ ਸੜਕ ਪੁੱਟਣ ਉਪਰੰਤ ਹੀ ਹੋਵੇਗਾ। ਪੀ.ਡਬਲਿਊ.ਡੀ. ਮਹਿਕਮੇ ਤੋਂ ਪ੍ਰਵਾਨਗੀ ਮਿਲਦਿਆਂ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਨਗਰ ਕੌਂਸਲ ਵਿੱਚ ਸੀਵਰੇਜ ਦਾ ਗੰਦਾ ਪਾਣੀ ਗਟਰਾਂ ਵਿੱਚੋਂ ਉਛਲ ਕੇ ਸੜਕਾਂ ਉੱਤੇ ਜਮ੍ਹਾਂ ਹੋ ਰਿਹਾ ਹੈ। ਇਸ ਕਾਰਨ ਰਾਹਗੀਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਨਵਾਂ ਗਾਉਂ ਵਿੱਚ ਲੋਕਾਂ ਦੇ ਘਰਾਂ ਦੇ ਸੀਵਰੇਜ ਵਾਲੇ ਪਾਣੀ ਦੀ ਨਿਕਾਸੀ ਲਈ ਸੜਕਾਂ ਦੇ ਵਿਚਕਾਰ ਹੀ ਗਟਰ ਬਣਾਏ ਹੋਏ ਹਨ, ਕਈ ਗਟਰ ਬਿਨਾਂ ਢੱਕਣਾਂ ਤੋਂ ਪਏ ਹਨ। ਲੋਕਾਂ ਅਨੁਸਾਰ ਜਦੋਂ ਬਾਰਸ਼ ਹੁੰਦੀ ਤਾਂ ਗੰਦਾ ਪਾਣੀ ਇਨ੍ਹਾਂ ਗਟਰਾਂ ਵਿੱਚੋਂ ਉਛਲ ਕੇ ਸੜਕ ਉੱਤੇ ਆ ਜਾਂਦਾ ਹੈ।
ਇਹ ਵੀ ਪੜ੍ਹੋ : BUDGET 2023 Live Updates: ਕੇਂਦਰੀ ਬਜਟ 2023 'ਚ ਟੈਕਸ ਨੂੰ ਲੈ ਕੇ ਵੱਡਾ ਐਲਾਨ, 7 ਲੱਖ ਦੀ ਆਮਦਨ 'ਤੇ ਜ਼ੀਰੋ ਟੈਕਸ
ਉਥੇ ਹੀ ਇਹ ਸਭ ਸਮੱਸਿਆਵਾਂ ਨੂੰ ਵੇਖਦੇ ਹੋਏ ਹਲ਼ਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਨਾਲ ਵੱਖ-ਵੱਖ ਥਾਵਾਂ ਉਤੇ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ 24 ਘੰਟੇ ਕੰਮ ਕਰਨਗੇ ਅਤੇ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਕਾਰਨ ਕੋਈ ਵੀ ਸਮੱਸਿਆ ਹੱਲ ਹੋਣ ਤੋਂ ਰਹਿੰਦੀ ਹੈ ਤਾਂ ਉਸ ਅਧਿਕਾਰੀ ਦੀ ਜਵਾਬਦੇਹੀ ਤੈਅ ਹੋਵੇਗੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਉਤੇ ਜਾ ਕੇ ਸਮੱਸਿਆਵਾਂ ਦਾ ਨਿਰੀਖਣ ਕਰਕੇ ਉਨ੍ਹਾਂ ਦੇ ਢੁੱਕਵੇਂ ਹੱਲ ਕੱਢਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਵਾਲੀ ਜਗ੍ਹਾ ਪਹੁੰਚ ਕਰਕੇ ਉੱਥੋਂ ਦੇ ਨਿਵਾਸੀਆਂ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚ ਕੀਤੀ ਜਾਵੇ।