ਰੋਪੜ: ਪੰਜਾਬ ਵਿੱਚ ਜਦੋਂ ਹੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਰੁੱਤ ਦੇ ਵਿੱਚ ਪੰਜਾਬੀ ਲੋਕ ਆਪਣੀ ਸਿਹਤ ਨੂੰ ਨਰੋਇਆ ਰੱਖਣ ਵਾਸਤੇ ਅਨੇਕਾਂ ਵਧੀਆਂ-ਵਧੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਵਿੱਚ ਆਮ ਤੌਰ 'ਤੇ ਸਭ ਤੋਂ ਵੱਧ ਘਰਾਂ ਵਿੱਚ ਗਜਰੇਲਾ ਬਣਾਇਆ ਜਾਂਦਾ ਹੈ ਅਤੇ ਦੇਸੀ ਘਿਉ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਹਨ। ਜੋ ਸਾਡੇ ਸਰੀਰ ਵਾਸਤੇ ਕਾਫ਼ੀ ਲਾਹੇਵੰਦ ਤੇ ਪੌਸ਼ਟਿਕ ਆਹਾਰ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਹਨ।
ਰੂਪਨਗਰ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੇ ਵਿੱਚ ਦੁੱਧ ਤੋਂ ਤਿਆਰ ਕੀਤਾ ਹੋਇਆ ਖੋਆ ਅਤੇ ਦੇਸੀ ਘਿਉ ਸਭ ਤੋਂ ਵੱਧ ਵਿਕ ਰਿਹਾ ਹੈ ਕਿਉਂਕਿ ਲੋਕ ਆਪਣੇ ਘਰਾਂ ਦੇ ਵਿੱਚ ਦੇਸੀ ਘਿਓ ਦਾ ਗਜਰੇਲਾ ਤੇ ਦੇਸੀ ਘਿਓ ਦੀਆਂ ਪਿੰਨੀਆਂ ਖੋਆ ਪਾ ਕੇ ਬਣਾ ਰਹੇ ਹਨ ਅਤੇ ਆਪਣੀ ਸਿਹਤ ਵੱਲ ਪੂਰਾ ਖਿਆਲ ਰੱਖ ਰਹੇ ਹਨ ਦੇਸੀ ਘਿਓ ਤੇ ਖੋਏ ਦੀ ਕਾਫ਼ੀ ਮੰਗ ਹੈ ਅਤੇ ਉਨ੍ਹਾਂ ਦਾ ਕਾਰੋਬਾਰ ਵੀ ਚੰਗਾ ਚੱਲ ਰਿਹਾ ਹੈ।
ਸਰਦੀਆਂ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਆਮ ਘਰਾਂ ਦੇ ਵਿੱਚ ਦੇਸੀ ਘਿਓ ਤੇ ਖੋਏ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਲੋਕ ਅਨੇਕਾਂ ਪ੍ਰਕਾਰ ਦੇ ਪਕਵਾਨ ਬਣਾਉਂਦੇ ਹਨ। ਦੂਜੇ ਪਾਸੇ ਦੁੱਧ ਤੋਂ ਖੋਆ ਅਤੇ ਦੇਸੀ ਘਿਓ ਤਿਆਰ ਕਰਨ ਵਾਲੇ ਦੁਕਾਨਦਾਰਾਂ ਦੀ ਵੀ ਖੂਬ ਚਾਂਦੀ ਹੋ ਰਹੀ ਹੈ।