ਰੂਪਨਗਰ: ਜ਼ਿਲ੍ਹਾ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ ਰੂਪਨਗਰ ਨੇ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਵਾਪਿਸ ਲੈਣ ਦਾ ਫੈਸਲਾ ਲਿਆ ਹੈ। ਹੁਣ ਸਾਰੇ ਮੁਲਾਜ਼ਮ ਵੀਰਵਾਰ ਯਾਨੀ ਅੱਜ ਤੋਂ ਆਪਣੇ ਦਫਤਰਾਂ ਵਿੱਚ ਵਾਪਿਸ ਕੰਮਾਂ ਉੱਤੇ ਪਰਤ ਆਏ ਹਨ।
ਵਿਧਾਇਕ ਨੇ ਦਵਾਇਆ ਭਰੋਸਾ: ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ ਰੂਪਨਗਰ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਤਹਿਸੀਲਦਾਰ ਰੂਪਨਗਰ ਦੇ ਦਫਤਰ ਵਿਖੇ ਕੀਤੀ ਗਈ ਅਚਨਚੇਤ ਚੈਕਿੰਗ ਕਰਨ ਉੱਤੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਣ ਦੇ ਰੋਸ ਵਜੋਂ ਜ਼ਿਲ੍ਹੇ ਰੂਪਨਗਰ ਵਿਖੇ ਕਲਮਛੋੜ ਹੜਤਾਲ ਕੀਤੀ ਗਈ ਸੀ। ਜਿਸ ਸਬੰਧੀ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹਨਾਂ ਦਾ ਕਰਮਚਾਰੀਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਇਸ ਸਬੰਧਤ ਵਿਧਾਇਕ ਵਲੋਂ ਸੋਸ਼ਲ ਮੀਡੀਆ ਵਿਖੇ ਵੀਡੀਓ ਅਪਲੋਡ ਕੀਤੀ ਗਈ ਹੈ।
ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਜਥੇਬੰਦੀ ਵਲੋਂ ਸਹਿਮਤੀ ਪ੍ਰਗਟਾਈ ਹੈ ਕਿ ਆਮ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਜ਼ਿਲ੍ਹਾ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜਥੇਬੰਦੀਆਂ ਵਲੋਂ ਆਪਣੀ ਕਲਮਛੋੜ ਹੜਤਾਲ ਵਾਪਿਸ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਦੇ ਸਾਰੇ ਮੁਲਾਜ਼ਮ ਆਪਣੇ ਦਫ਼ਤਰਾਂ ਵਿਖੇ ਡਿਊਟੀ ਨਿਭਾਉਣਗੇ।
ਇਹ ਸੀ ਮਾਮਲਾ: ਦਰਾਅਸਰ 18 ਜੁਲਾਈ ਨੂੰ ਵਿਧਾਇਕ ਦਿਨੇਸ਼ ਚੱਢਾ ਵੱਲੋਂ ਰੂਪਨਗਰ ਤਹਿਸੀਲ ਦਫ਼ਤਰ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਸੀ। ਇਸ ਚੈਕਿੰਗ ਦੇ ਦੌਰਾਨ ਕਰਮਚਾਰੀਆਂ ਨੂੰ ਲਿਤਾੜ ਲਗਾਉਣ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਵਿਧਾਇਕ ਦੇ ਇਲਜ਼ਾਮ: ਵਿਧਾਇਕ ਚੱਢਾ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਤਹਿਸੀਲ ਦਫ਼ਤਰ ਦੇ ਵਿੱਚ ਭ੍ਰਿਸ਼ਟਾਚਾਰ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਕਦਮ ਚੁੱਕਦਿਆਂ ਹੋਇਆਂ ਇਹ ਚੈਕਿੰਗ ਕੀਤੀ ਗਈ ਹੈ ਅਤੇ ਇਸ ਚੈਕਿੰਗ ਦੇ ਦੌਰਾਨ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ ਗਈ ਕਿ ਅਜਿਹੇ ਗੱਲ ਸਾਹਮਣੇ ਨਹੀਂ ਆਉਣੀ ਚਾਹੀਦੀ ਅਤੇ ਆਮ ਲੋਕਾਂ ਦੀ ਲੁੱਟ ਤਹਿਸੀਲ ਦਫ਼ਤਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੈ।
ਕਰਮਚਾਰੀਆਂ ਦੇ ਇਲਜ਼ਾਮ: ਤਹਿਸੀਲ ਦਫ਼ਤਰ ਦੇ ਵਿੱਚ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਕਰਨ ਵਾਲੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਵਿਧਾਇਕ ਵੱਲੋਂ ਜਿਸ ਸਮੇਂ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਉਸ ਸਮੇਂ ਉਹਨਾਂ ਦੇ ਨਾਲ ਪਾਰਟੀ ਦੇ ਕੁਝ ਵਰਕਰ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਦੇ ਸਾਹਮਣੇ ਹੀ ਤਹਿਸੀਲ ਦਫ਼ਤਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਖਿਲਾਫ ਭੱਦੀ ਭਾਸ਼ਾ ਬੋਲੀ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਉੱਤੇ ਮਾਨਸਿਕ ਬੋਝ ਪਿਆ ਤੇ ਉਹਨਾਂ ਦਾ ਨਿਰਾਦਰ ਹੋਇਆ ਹੈ।