ਨੰਗਲ: ਸ਼ਹਿਰ ਦੀਆਂ ਸੜਕਾਂ ਦਾ ਇਸ ਵੇਲੇ ਬੁਰਾ ਹਾਲ ਹੈ। ਸੜਕਾਂ ਉੱਤੇ ਇੰਨੇ ਬੜੇ ਬੜੇ ਟੋਏ ਪੈ ਗਏ ਹਨ ਕਿ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਪੈਦਲ ਤੁਰਣਾ ਤਾਂ ਮੁਸ਼ਕਿਲ ਹੈ ਹੀ ਉੱਥੇ ਹੀ ਦੋ ਪਹੀਆ ਵਾਹਨ ਅਤੇ ਦੂਸਰੇ ਵਾਹਨਾਂ ਨੂੰ ਵੀ ਸੜਕ ਲੱਭ ਕੇ ਚਲਣਾ ਪੈਂਦਾ ਹੈ। ਪ੍ਰਸਾਸ਼ਨ ਸੜਕਾਂ ਦੇ ਇਸ ਬੂਰੇ ਹਾਲ ਪ੍ਰਤੀ ਕੁੰਭਕਰਨੀ ਨੀਂਦਰ ਸੁੱਤਾ ਪਿਆ ਲੱਗਦਾ ਹੈ। ਇਸੇ ਤਰ੍ਹਾਂ ਦਾ ਹੀ ਹਾਲ ਹੈ ਨੰਗਲ-ਊਨਾ-ਚੰਡੀਗੜ੍ਹ ਮੁੱਖ ਮਾਰਗ ਨੰਬਰ 503 ਦਾ ਹੈ । ਤਹਿਸੀਲ ਨੰਗਲ ਅਤੇ ਬੱਸ ਅੱਡੇ ਦੇ ਸਾਹਮਣੇ ਸੜਕ ਪਏ ਇਨ੍ਹਾਂ ਟੋਟਿਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ।
ਰਾਹਗੀਰਾਂ ਅਤੇ ਸੜਕ 'ਤੇ ਸਥਿਤ ਦੁਕਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੇ ਬੂਰੇ ਹਾਲਾਂ ਬਾਰੇ ਪ੍ਰਸ਼ਾਸਨ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਪਰ ਕੋਈ ਸਥਾਈ ਹੱਲ ਨਹੀਂ ਨਿਕਲਿਆ।
ਦੁਕਾਨਦਾਰਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਸੜਕਾਂ ਨੂੰ ਠੀਕ ਕੀਤਾ ਜਾਵੇ ਕਿਉਂਕਿ ਉਨ੍ਹਾਂ ਦਾ ਮੁਸ਼ਕਿਲ ਨਾਲ ਸਮਾਂ ਨਿਕਲ ਰਿਹਾ ਹੈ ਅਤੇ ਉਨ੍ਹਾਂ ਦੇ ਕਾਰੋਬਾਰ ਉੱਪਰ ਵੀ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਫ਼ਲਾਈ ਓਵਰ ਦਾ ਕੰਮ ਚਲ ਰਿਹਾ ਹੈ, ਜਿਸ ਨਾਲ ਸੜਕ 'ਤੇ ਆਵਾਜਾਈ ਵੀ ਵੱਧ ਗਈ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਫ਼ਲਾਈ ਓਵਰ ਦਾ ਕੰਮ ਪੂੱਰਾ ਨਹੀਂ ਹੁੰਦਾ ਤਾਂ ਸੜਕ ਨੂੰ ਠੀਕ ਕੀਤਾ ਜਾਵੇ।
ਜਦੋਂ ਇਸ ਬਾਰੇ ਨੰਗਲ ਦੇ ਨਾਈਬ ਤਹਸਿਲਦਾਰ ਰਾਮ ਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਨਗਰ ਕੌਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੋਏ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਇਸੇ ਨਾਲ ਹੀ ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਅਨੁਸਾਰ ਰਸਤੇ ਦਾ ਕੰਮ ਕੀਤਾ ਜਾਏਗਾ।