ਅਨੰਦਪੁੁਰ ਸਾਹਿਬ : ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਨੇ ਵਿਕਾਸ ਕਾਰਜਾਂ ਦਾ ਵੀ ਦੌਰਾ ਕੀਤਾ ਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਨਗਰੀ ਹੈ ਅਤੇ ਇੱਥੇ ਅੱਗ ਲੱਗਣ ਦੀਆਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਥੇ ਫਾਇਰ ਬ੍ਰਿਗੇਡ ਦੀ ਗੱਡੀ ਨਾ ਹੋਣ ਕਾਰਨ ਉਹ ਆਪਣੇ ਇਖਤਿਆਰੀ ਕੋਟੇ ਵਿੱਚੋਂ ਫਾਇਰ ਬ੍ਰਿਗੇਡ ਲਈ ਰਕਮ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਨੂੰ ਦੇਣਗੇ। ਜੇਕਰ ਪੰਜਾਬ ਸਰਕਾਰ ਵੱਲੋਂ ਗੱਡੀ ਮਿਲ ਜਾਂਦੀ ਹੈ ਤਾਂ ਇਹ 15 ਲੱਖ ਰੁਪਏ ਨਗਰ ਕੌਂਸਲ ਨੂੰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸ੍ਰੀ ਅਨੰਦਪੁਰ ਸਾਹਿਬ ਕਮਿਊਨਿਟੀ ਸੈਂਟਰ ਲਈ ਅਨਾਊਂਸਮੈਂਟ ਫੰਡ ਦੇਣ ਲਈ ਉਹ ਮੌਜੂਦਾ ਸਰਕਾਰ ਨਾਲ ਗੱਲ ਕਰਨਗੇ।
ਸੀਵਰੇਜ ਪ੍ਰਬੰਧਾਂ ਦੀ ਸਮੱਸਿਆ : ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਵਰੇਜ ਪ੍ਰਬੰਧਾਂ ਦੀ ਸਮੱਸਿਆ ਉਤੇ ਬੋਲਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੌਂਸਲ ਪ੍ਰਧਾਨ ਨਾਲ ਗੱਲਬਾਤ ਕਰ ਲਈ ਗਈ ਹੈ। ਉਨ੍ਹਾਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਇਕ ਚਿੱਠੀ ਉਹ ਪ੍ਰਧਾਨ ਮੰਤਰੀ ਦੇ ਨਾਂ ਲਿੱਖ ਕੇ ਉਨ੍ਹਾਂ ਨੂੰ ਦੇਣ, ਤਾਂ ਜੋ ਉਹ ਸੀਵਰੇਜ ਦੀ ਸਮੱਸਿਆ ਸਬੰਧੀ ਪੀਐੱਮ ਮੋਦੀ ਨਾਲ ਗੱਲਬਾਤ ਕਰ ਸਕਣ।
ਕੇਂਦਰ ਸਰਕਾਰ ਨੇ ਐੱਮਪੀ ਫੰਡ ਵਿਚੋਂ ਕੱਟੇ ਪੈਸੇ : ਉਨ੍ਹਾਂ ਨੇ ਕਿਹਾ ਕਿ ਐਮਪੀ ਫੰਡ 'ਚ ਹਰ ਸੰਸਦ ਨੂੰ ਪੰਜ ਸਾਲ ਵਿੱਚ 25 ਕਰੋੜ ਰੁਪਏ ਗ੍ਰਾਂਟ ਵਜੋਂ ਆਪਣੇ ਇਲਾਕੇ ਦੇ ਵਿਕਾਸ ਲਈ ਮਿਲਦਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਸਾਢੇ 12 ਕਰੋੜ ਕੋਰੋਨਾ ਕਾਲ ਵਿਚ ਯੋਗਦਾਨ ਕਹਿ ਕੇ ਕੱਟ ਲਿਆ ਗਿਆ ਤੇ ਹੁਣ ਤਕ ਸਿਰਫ 2.50 ਕਰੋੜ ਰੁਪਏ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਬੋਲਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸੂਬੇ ਦਾ ਸਭ ਤੋਂ ਵੱਡਾ ਹਲਕਾ ਹੈ। ਇਸ ਵਿੱਚ 1500 ਸੌ ਪਿੰਡ ਅਤੇ 11 ਸ਼ਹਿਰ ਲਗਦੇ ਹਨ ਤੇ ਹਰ ਇੱਕ ਦੀ ਆਸ ਹੁੰਦੀ ਹੈ ਕਿ ਚੁਣਿਆ ਹੋਇਆ ਨੁਮਾਇੰਦਾ ਵਿਕਾਸ ਵਿਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਨੇ ਪੰਜਾਬ ਤੇ ਕਨੂੰਨ ਵਿਵਸਥਾ ਉਤੇ ਕਿਹਾ ਕਿ ਪੰਜਾਬ ਸਰਹੱਦੀ ਇਲਾਕਾ ਹੋਣ ਕਰਕੇ ਇਸ ਜਗ੍ਹਾ ਉਤੇ ਸਰਕਾਰ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਪਰ ਪਿਛਲੇ ਇਕ ਸਾਲ ਕਈ ਵਾਰ ਕਾਨੂੰਨ ਵਿਵਸਥਾ ਭੰਗ ਹੋਈ ਹੈ।