ਰੂਪਨਗਰ: ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਅਨਾਜ ਮੰਡੀ ਰੂਪਨਗਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।
ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਨਹੀਂ ਪਵੇਗਾ, ਪਰੰਤੂ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਕਿਉਂਕਿ ਕਿਸਾਨਾਂ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਕਿ ਮੰਡੀਆਂ ਵਿੱਚ ਨਾ ਤਾਂ ਬਾਰਦਾਨੇ ਦੀ ਕਮੀ ਦੂਰ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਫ਼ਸਲ ਸਹੀ ਸਮੇਂ ਉੱਤੇ ਚੁੱਕੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਬਹੁਤ ਹਨ ਅਤੇ ਉਨ੍ਹਾਂ ਦਾ ਹੱਲ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ, ਪਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਇਸ ਮਸਲੇ ਉੱਤੇ ਫੇਲ ਸਾਬਤ ਹੋਈ ਹੈ। ਉਨ੍ਹਾਂ ਨਾਲ਼ ਹੀ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਕਿਸਾਨਾਂ ਤੱਕ ਪਹੁੰਚ ਕਰ ਰਹੀ ਹੈ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਾਉਣ ਲਈ ਪੂਰਾ ਸੰਘਰਸ਼ ਕਰ ਰਹੀ ਹੈ।
ਇਸ ਮੌਕੇ ਵਿਧਾਇਕ ਸੰਦੋਆ ਨੇ ਕਿਹਾ ਕਿ ਉਨ੍ਹਾਂ ਨੂੰ ਬਾਰਦਾਨੇ, ਲਿਫਟਿੰਗ ਅਤੇ ਹੋਰ ਸਮੱਸਿਆਵਾਂ ਸਬੰਧੀ ਕਿਸਾਨਾਂ ਦੇ ਫ਼ੋਨ ਆ ਰਹੇ ਸਨ, ਜਿਸਤੋਂ ਬਾਅਦ ਉਹ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਮੰਡੀ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ ਹਨ।
ਇਹ ਵੀ ਪੜ੍ਹੋ: ਭਾਜਪਾ ਦੇ ਕੈਂਪ 'ਚ ਕੋਵਿਡ ਨਿਯਮਾਂ ਦੀ ਉਲੰਘਣਾ, ਵਰਕਰਾਂ ਨੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ