ਰੂਪਨਗਰ: ਲੋਹੜੀ ਦੇ ਤਿਉਹਾਰ ਮੌਕੇ ਅੱਜ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਲੋਹੜੀ ਮੇਲਾ 2023 ਦਾ ਆਗਾਜ਼ ਕੀਤਾ ਗਿਆ। ਇਹ ਲੋਹੜੀ ਦਾ ਮੇਲਾ ਤਿੰਨ ਦਿਨ ਤੱਕ ਚੱਲੇਗਾ। ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਨੇ ਕੀਤਾ। । ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਮੇਲਾ ਆਯੋਜਿਤ ਕੀਤਾ ਰਿਹਾ ਹੈ।
ਮੇਲੇ ਦਿੰਦੇ ਹਨ ਚੰਗੀ ਸੇਧ: ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਕਿ ਸਾਡੇ ਸੂਬੇ ਦਾ ਵਿਰਸਾ ਬਹੁਤ ਹੀ ਅਮੀਰ ਹੈ। ਜਿਸ ਵਿੱਚ ਤਿਉਹਾਰ 'ਤੇ ਮੇਲੇ ਜ਼ਰੀਏ ਸਮਾਜ ਨੂੰ ਸੁਚੱਜੀ ਜੀਵਨ ਜਾਂਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਅਤੇ ਆਪਸੀ ਮੇਲ-ਮਿਲਾਪ ਨਾਲ ਅਸੀਂ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੇਧ ਦੇ ਸਕਦੇ ਹਾਂ। ਇਸ ਲਈ ਵਿਰਸੇ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ਅਤੇ ਵਿਰਸੇ ਨਾਲ ਜੁੜੇ ਮੇਲੇ ਸਾਨੂੰ ਸਾਡੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖਦੇ ਹਨ।
ਅਧਿਕਾਰੀਆਂ ਦੀ ਕੀਤੀ ਸਲਾਘਾ: ਡਾ. ਯਾਦਵ ਨੇ ਕਿਹਾ ਕਿ ਧੀਆਂ ਤੇ ਪੁੱਤਾਂ ਵਿੱਚ ਕੋਈ ਫ਼ਰਕ ਨਹੀਂ ਹੈ। ਉਨ੍ਹਾ ਕਿਹਾ ਸਰਕਾਰ ਵੱਲੋਂ ਕੀਤੇ ਵੱਖ-ਵੱਖ ਉਪਰਾਲਿਆਂ ਜਿਵੇਂ ਕਿ ਬੇਟੀ ਬਚਾਓ,ਬੇਟੀ ਪੜ੍ਹਾਓ ਵਰਗੇ ਪ੍ਰੋਗਰਾਮ ਬਹੁਤ ਹੀ ਸਾਰਥਕ ਸਿੱਧ ਹੋਏ ਹਨ। ਅੱਜ ਧੀਆਂ ਹਰ ਖ਼ੇਤਰ ਵਿੱਚ ਪੁੱਤਾਂ ਦੇ ਬਰਾਬਰ ਹੀ ਨਹੀਂ ਸਗੋਂ ਕਿਤੇ ਅੱਗੇ ਲੰਘ ਗਈਆਂ ਹਨ। ਉਹਨਾਂ ਨੇ ਧੀਆਂ ਸਬੰਧੀ ਕਰਵਾਏ ਪ੍ਰੋਗਰਾਮ ਦੀਆਂ ਤਿਆਰੀਆਂ ਕਰਵਾਉਣ ਵਾਲੇ ਅਧਿਕਾਰੀਆਂ 'ਤੇ ਹੋਰਨਾਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।
ਰੈੱਡ ਕਰਾਸ ਸੁਸਾਇਟੀ ਨੇ ਕਰਵਾਇਆ ਮੇਲਾ: ਰੈੱਡ ਕਰਾਸ ਸੁਸਾਇਟੀ ਸਮਾਜ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਕਰਦੀ ਹੈ। ਉਹਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਦੇ ਨਾਲ ਨਾਲ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਉਪਰਾਲੇ ਲਾਜ਼ਮੀ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵੱਲੋਂ ਇਸ ਦਿਸ਼ਾ ਵਿਚ ਲਗਾਤਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਨੁੱਖ ਨੂੰ ਕਦੇ ਵੀ ਜ਼ਿੰਦਗ਼ੀ ਦੇ ਵਿਚ ਹਿੰਮਤ ਨਹੀਂ ਹਰਨੀ ਚਾਹੀਦੀ। ਮਿਹਨਤ ਸਦਕਾ ਹਰ ਮਨੁੱਖ ਕਾਮਯਾਬ ਹੋ ਸਕਦਾ ਹੈ।
ਲੋਹੜੀ ਮੌਕੇ ਮੇਲੇ ਵਿੱਚ ਖਾਸ਼ ਪ੍ਰੋਗਰਾਮ: ਇਸ ਮੇਲੇ ਵਿਚ ਆਈਟੀਆਈ ਰੋਪੜ ਡੀਏਵੀ ਪਬਲਿਕ ਸਕੂਲ ਅਤੇ ਸਰਕਾਰੀ ਸੀਨੀ ਸੈਕੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਕ੍ਰਾਂਤੀ ਕਲਾ ਮੰਚ ਵੱਲੋਂ ਨਸ਼ਿਆਂ ਤੋਂ ਬਚਾਅ ਬਾਰੇ ਇੱਕ ਨਾਟਕ ਵੀ ਪੇਸ਼ ਕੀਤਾ ਗਿਆ। ਸ਼ਿਵਾਲਿਕ ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਰੰਗਾਂ ਦੇ ਕਾਗਜ਼ਾਂ ਵਾਲੇ ਪਤੰਗ ਵੀ ਬਣਾਏ ਗਏ ਅਤੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਦੀ ਅਗਵਾਈ ਵਿਚ ਲੋਹੜੀ ਵਾਲਣ ਦੀ ਰਸਮ ਵੀ ਅਦਾ ਕੀਤੀ ਗਈ। ਇਸ ਮੇਲੇ ਵਿਚ ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਵੀ ਸਟਾਲਾਂ ਲਗਾਈਆਂ ਗਈਆਂ ਹਨ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਵੀ ਲਗਾਏ ਗਏ ਹਨ।
ਇਹ ਵੀ ਪੜ੍ਹੋ:- Lohri 2023 : ਲੋਹੜੀ ਵਾਲੇ ਦਿਨ ਧੁੱਪ ਨਿਕਲੀ ਵੇਖ ਲੁਧਿਆਣਾ ਵਾਸੀਆਂ ਦੇ ਖਿੜੇ ਚਿਹਰੇ, ਹੁਣ ਹੋਵੇਗੀ ਪਤੰਗਬਾਜ਼ੀ