ਸ੍ਰੀ ਅਨੰਦਪੁਰ ਸਾਹਿਬ: ਜਿੱਥੇ ਇਸ ਖਾਲਸਾਈ ਸਥਾਨ ਉੱਤੇ ਹੋਲੇ ਮਹੱਲੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ, ਦੇਸ਼ ਵਿਦੇਸ਼ ਤੋਂ ਆਈ ਸੰਗਤ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਜੇਕਰ ਆਂਕੜਿਆਂ ਦੀ ਗੱਲ ਕੀਤੀ ਜਾਵੇ, ਤਾਂ ਦੱਸ ਤੋਂ ਪੰਦਰਾਂ ਲੱਖ ਸੰਗਤ ਇਸ ਸਮੇਂ ਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚ ਦੀ ਹੈ। ਜਿੱਥੇ ਪਹਿਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ ਅਤੇ ਆਖਰੀ ਦਿਨ ਯਾਨੀ ਕਿ ਹੋਲੇ-ਮਹੱਲੇ ਦੇ ਤੀਜੀ ਦਿਨ ਅਖੰਡ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇਸ ਹੋਲੇ ਮਹੱਲੇ ਦੀ ਭੀੜ ਵਿੱਚ ਇੱਕ ਵਿਸ਼ੇਸ਼ ਲੰਗਰ ਸੇਵਾ ਕਰਨ ਵਾਲੇ ਸੇਵਾਦਾਰ ਦਿਖੇ।
ਹੋਲੇ ਮਹੱਲੇ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਸੇਵਾ: ਇਸ ਹੋਲੇ ਮਹੱਲੇ ਦੌਰਾਨ ਮਲੇਰਕੋਟਲੇ ਦੇ ਮੁਸਲਿਮ ਭਾਈਚਾਰਾ ਖਿੱਚ ਦਾ ਕੇਂਦਰ ਬਣਿਆ। ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਨਸੀਰ ਅਖ਼ਤਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ। ਆਪਣੇ ਰਵਾਇਤੀ ਪੁਸ਼ਾਕ ਵਿੱਚ ਗੁਰੂ ਦੀ ਨਗਰੀ 'ਚ ਮੁਸਲਿਮ ਭਾਈਚਾਰੇ ਵੱਲੋਂ ਲਗਾਇਆ ਲੰਗਰ ਸਭ ਲਈ ਖਿੱਚ ਦਾ ਕੇਂਦਰ ਬਣਿਆ। ਕਿਉਂਕਿ, ਇਸ ਲੰਗਰ ਵਿੱਚ ਭਾਈਚਾਰਕ ਏਕਤਾ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਸੀ।
ਆਪਸੀ ਭਾਈਚਾਰਕ ਸਾਂਝ ਬਣੀ ਰਹੇ, ਇਹੀ ਮਕਸਦ: ਨਸੀਰ ਅਖ਼ਤਰ ਨੇ ਕਿਹਾ ਕਿ ਉਹ ਕੁਝ ਸਾਲਾਂ ਤੋਂ ਸਿੱਖ-ਮੁਸਲਿਮ ਸਾਂਝ ਮਲੇਰਕੋਟਲੇ ਦੇ ਬੈਨਰ ਹੇਠਾਂ ਕੰਮ ਕਰ ਰਹੇ ਹਨ। ਨਸੀਰ ਅਖਤਰ ਦਾ ਕਹਿਣਾ ਹੈ ਕਿ ਭਾਈਚਾਰਕ ਏਕਤਾ ਵਿੱਚ ਜੋ ਭਰਮ ਭੁਲੇਖੇ ਪਾਏ ਜਾ ਰਹੇ ਹਨ, ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਵਿੱਚ ਦਸਤਰਖਾਂ ਹੁੰਦਾ ਹੈ ਜਿਸ ਉੱਤੇ ਕੋਈ ਵੀ ਆ ਕੇ ਲੰਗਰ ਖਾ ਸਕਦਾ ਹੈ, ਅਜਿਹੀ ਹੀ ਸਿੱਖ ਧਰਮ ਵਿੱਚ ਪੰਗਤ ਹੁੰਦੀ ਹੈ, ਜਿੱਥੇ ਹਰ ਸ਼ਰਧਾਲੂ ਆ ਕੇ ਲੰਗਰ ਛੱਕਦਾ ਹੈ। ਇਸ ਲਈ ਜਦੋ ਦੋਹਾਂ ਧਰਮਾਂ ਵਿੱਚ ਲੰਗਰ ਹੈ, ਤਾਂ ਇਸ ਨੂੰ ਇਵੇਂ ਹੀ ਅੱਗੇ ਮਿਲ ਕੇ ਵਧਾਇਆ ਜਾਵੇਗਾ, ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵਿੱਚ ਕੜਤਣ ਨਹੀਂ, ਸਗੋਂ ਪਿਆਰ ਦੇ ਬੀਜ ਉਗਣ ਤੇ ਪਿਆਰ ਹੀ ਫੈਲਾਉਣ।
ਸੇਵਾ 'ਚ ਕੋਈ ਹਿਸਾਬ-ਕਿਤਾਬ ਨਹੀਂ: ਜ਼ਿਕਰਯੋਗ ਇਹ ਰਿਹਾ ਨਸੀਰ ਅਖ਼ਤਰ ਨੇ ਇਸ ਸੇਵਾ ਵਿੱਚ ਲਗ ਰਹੇ ਪੈਸੇ ਦੀ ਕੋਈ ਗੱਲ ਨਹੀਂ ਦੱਸੀ। ਨਸੀਰ ਅਖ਼ਤਰ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਹੈ। ਪ੍ਰਮਾਤਮਾ ਦੇ ਰਿਹਾ ਹੈ ਅਤੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਸੇਵਾ ਵਿਚ ਕਦੀ ਬਹੁਤਾ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ। ਨਸੀਰ ਅਖ਼ਤਰ ਜ਼ਿਲ੍ਹਾ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਹਨ। ਆਪਣੀ ਟੀਮ, ਜਿਸ ਵਿੱਚ 25 ਦੇ ਕਰੀਬ ਉਨ੍ਹਾਂ ਦੇ ਸਾਥੀ ਹਨ, ਜੋ ਵੀ ਇਸ ਲੰਗਰ ਸੇਵਾ ਲਈ ਲਗਾਤਾਰ ਤਿੰਨ ਦਿਨ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਹਨ। ਨਸੀਰ ਅਖ਼ਤਰ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਸਿੱਖ-ਮੁਸਲਿਮ ਸਾਂਝ ਮਲੇਰਕੋਟਲੇ ਦੇ ਬੈਨਰ ਹੇਠਾਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: Holi 2023 in India: ਦੇਸ਼ ਭਰ 'ਚ ਵੱਖ-ਵੱਖ ਢੰਗ ਨਾਲ ਮਨਾਈ ਜਾਂਦੀ ਹੋਲੀ, ਵੇਖੋ ਖ਼ਾਸ ਰਿਪੋਰਟ