ਰੋਪੜ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਬਿੱਲਾਂ ਦਾ ਵਿਰੋਧ ਪੂਰੇ ਪੰਜਾਬ ਵਿੱਚ ਲਗਾਤਾਰ ਹੋ ਰਿਹਾ ਹੈ। ਇਸ ਤਹਿਤ ਹੀ ਵੀਰਵਾਰ ਨੂੰ ਰੋਪੜ ਨੰਗਲ ਮਾਰਗ 'ਤੇ ਪੈਂਦੇ ਰੇਲਵੇ ਫਾਟਕ 'ਤੇ ਰੋਪੜ ਦੀਆਂ 7 ਕਿਸਾਨ ਜਥੇਬੰਦੀਆਂ ਨੇ ਪੱਕਾ ਮੋਰਚਾ ਲਾ ਲਿਆ ਹੈ। ਇਸ ਦੇ ਨਾਲ ਹੀ ਰੇਲਵੇ ਟਰੈਕ ਦੇ ਉੱਤੇ ਧਰਨਾ ਲਗਾ ਕੇ ਬੈਠ ਗਏ ਹਨ।
ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਕਾਨੂੰਨ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਇਸ ਨੂੰ ਲੈ ਕੇ ਧਰਨੇ ਪ੍ਰਦਰਸ਼ਨ, ਸੜਕ ਜਾਮ ਤੇ ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ ਹਨ।
ਇਸ ਤੋਂ ਬਾਅਦ ਅੰਦੋਲਨ ਹੁਣ ਰੋਪੜ ਵਿੱਚ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਸਬੰਧੀ ਕਿਸਾਨ ਆਗੂ ਮੋਹਨ ਸਿੰਘ ਧਮਾਣਾਂ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਰੋਪੜ ਵਿੱਚ ਵੀ ਨੰਗਲ ਚੌਕ ਦੇ ਕੋਲ ਰੇਲਵੇ ਫਾਟਕਾਂ ਦੇ ਲਾਗੇ ਉਨ੍ਹਾਂ ਵੱਲੋਂ ਰੇਲਵੇ ਟਰੈਕ 'ਤੇ ਪੱਕਾ ਧਰਨਾ ਲਗਾ ਦਿੱਤਾ। ਮੋਹਨ ਸਿੰਘ ਧਮਾਣਾ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਇਹ ਤਿੰਨੇ ਕਾਨੂੰਨ ਵਾਪਸ ਨਹੀ ਲੈਂਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਇਸ ਟਰੈਕ 'ਤੇ ਕੋਈ ਵੀ ਰੇਲ ਨਹੀਂ ਲੰਘਣ ਦਿੱਤੀ ਜਾਏਗੀ ਚਾਹੇ ਰੇਲ ਉਨ੍ਹਾਂ ਦੇ ਉੱਪਰੋਂ ਹੀ ਕਿਉਂ ਨਾ ਲੰਘ ਜਾਵੇ। ਉਧਰ ਦੂਜੇ ਪਾਸੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਟਰੈਕ ਦੀ ਬਜਾਏ ਕਿਸੇ ਇੱਕ ਪਾਸੇ ਬੈਠਣ ਦੀ ਅਪੀਲ ਕੀਤੀ। ਪਰ ਕਿਸਾਨਾਂ ਨੇ ਕਿਹਾ ਕਿ ਉਹ ਟਰੈਕ 'ਤੇ ਹੀ ਬੈਠ ਕੇ ਧਰਨਾ ਲਾਉਣਗੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ।