ਰੋਪੜ: ਹੋਲਾ ਮਹੱਲਾ ਮੌਕੇ ਜਿੱਥੇ ਦੁਨੀਆਂ ਭਰ ਤੋਂ ਸੰਗਤਾਂ ਸ੍ਰੀ ਕੀਰਤਪੁਰ ਸਾਹਿਬ, ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਣੀ ਦੇ ਸਥਾਨ ਉੱਤੇ ਮੱਥਾ ਟੇਕਣ ਜਾਂਦੀਆਂ ਨੇ ਉੱਥੇ ਹੀ ਬਹੁਤ ਸਾਰੀਆਂ ਸੰਗਤਾਂ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਰੋਡ ਤੋਂ ਮਨੀਕਰਨ ਸਾਹਿਬ ਨੂੰ ਵੀ ਮੱਥਾ ਟੇਕਣ ਜਾਂਦੀਆਂ ਨੇ, ਪਰ ਇਸ ਵਾਰ ਸੰਗਤ ਦਾ ਹਿਮਾਚਲ ਪੁਲਿਸ ਨਾਲ ਵਿਵਾਦ ਹੋ ਗਿਆ ਅਤੇ ਵਿਵਾਦ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਕੁੱਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ । ਜਿਸ ਤੋਂ ਮਗਰੋਂ ਬਾਕੀ ਭੜਕੀਆਂ ਸੰਗਤਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਪੰਜਾਬ-ਹਿਮਾਚਲ ਬਾਰਡਰ ਉੱਤੇ ਜਾਮ ਲਗਾ ਦਿੱਤਾ।
ਕੀ ਸੀ ਮਾਮਲਾ: ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਨੌਜਵਾਨ ਨੇ ਕਿਹਾ ਕਿ ਸੰਗਤ ਵਿੱਚ ਸ਼ਾਮਿਲ ਇੱਕ ਲੜਕੇ ਨੇ ਕੋਝੀ ਹਰਕਤ ਕਰਦਿਆਂ ਕਿਸੇ ਸਥਾਨਕ ਕੁੜੀ ਨਾਲ ਛੇੜਛਾੜ ਕਰ ਦਿੱਤੀ ਜਿਸ ਤੋਂ ਬਾਅਦ ਸਥਾਨਕਵਾਸੀਆਂ ਨੇ ਪਹਿਲਾਂ ਛੇੜਛਾੜ ਕਰਨ ਵਾਲੇ ਦੇ ਸਮੇਤ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮਹਿਜ਼ ਇੱਕ ਬੰਦੇ ਨੇ ਛੇੜਛਾੜ ਕੀਤੀ ਪਰ ਉਸ ਤੋਂ ਮਗਰੋਂ ਸਥਾਨਕਵਾਸੀਆਂ ਅਤੇ ਪੁਲਿਸ ਮੁਲਜ਼ਮਾਂ ਨੇ ਹਿਮਾਚਲ ਵਾਲੇ ਪਾਸੇ ਜਾਮ ਲਗਾ ਦਿੱਤਾ ਅਤੇ ਕਿਸੇ ਵੀ ਸਿੱਖ ਸ਼ਰਧਾਲੂ ਨੂੰ ਅੱਗੇ ਨਹੀਂ ਜਾਣ ਦਿੱਤਾ ਜਿਸ ਕਰਕੇ ਸੰਗਤਾਂ ਵਿੱਚ ਹਿਮਾਚਲ ਪੁਲਿਸ ਖ਼ਿਲਾਫ਼ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਪੰਜਾਬ ਹਿਮਾਚਲ ਬਾਰਡਰ ਉੱਤੇ ਧਰਨਾ ਲਗਾ ਦਿੱਤਾ।
ਖੋਲ੍ਹਿਆ ਗਿਆ ਰਸਤਾ: ਦੱਸ ਦਈਏ ਹਿਮਾਚਲ ਦੇ ਲੋਕਾਂ ਅਤੇ ਪੁਲਿਸ ਦੇ ਐਕਸ਼ਨ ਤੋਂ ਬਾਅਦ ਪੰਜਾਬ ਦੀ ਸੰਗਤ ਗੁੱਸੇ ਵਿੱਚ ਆ ਗਈ ਅਤੇ ਉਨ੍ਹਾਂ ਦਾ ਪੁਲਿਸ ਨਾਲ ਵਿਵਾਦ ਹੋਰ ਵੀ ਜ਼ਿਆਦਾ ਵੱਧ ਗਿਆ । ਇਸ ਤੋਂ ਬਾਅਦ ਸੰਗਤ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬੇਕਸੂਰ ਸਾਥੀ ਜਲਦ ਰਿਹਾਅ ਨਾ ਕੀਤੇ ਗਏ ਤਾਂ ਉਹ ਇੱਥੇ ਪੱਕੇ ਤੌਰ ਉੱਤੇ ਧਰਨਾ ਲਗਾ ਦੇਣਗੇ। ਇਸ ਤੋਂ ਬਾਅਦ ਸੰਗਤ ਨੇ ਇਹ ਵੀ ਕਿਹਾ ਕਿ ਹਿਮਾਚਲ ਪੁਲਿਸ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਨ੍ਹਾਂ ਨੇ ਮੋਟਰਸਾਈਕਲਾਂ ਦੇ ਖ਼ਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਕੇਸਰੀ ਝੰਡੇ ਲਗਾਏ ਹੋਏ ਨੇ। ਇਸ ਤੋਂ ਬਾਅਦ ਹਿਮਾਚਲ ਦੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਰਸਤਾ ਖੋਲ੍ਹ ਦਿੱਤਾ ਜਿਸ ਤੋਂ ਮਗਰੋਂ ਸੰਗਤ ਦਾ ਮਨੀਕਰਨ ਸਾਹਿਬ ਜਾਣਾ ਮੁੜ ਤੋਂ ਆਰੰਭਿਆ ਹੋਇਆ। ਦੱਸ ਦਈਏ ਪਿਛਲੇ ਸਾਲ ਵੀ ਸਿੱਖ ਸੰਗਤ ਅਤੇ ਹਿਮਾਚਲ ਪੁਲਿਸ ਵਿਚਾਲੇ ਕੇਸਰੀ ਝੰਡਿਆਂ ਨੂੰ ਲੈਕੇ ਕਾਫੀ ਵਿਵਾਦ ਹੋਇਆ ਸੀ ਅਤੇ ਪੁਲਿਸ ਨੇ ਬਹੁਤ ਸਾਰੇ ਨੌਜਵਾਨਾਂ ਦੇ ਮੋਟਰਸਾਈਕਲ ਜ਼ਬਤ ਕਰਕੇ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: Ashwani Sharma Wrote letter to CM: ਭਾਜਪਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਮੰਗ