ਚਮਕੌਰ ਸਾਹਿਬ: ਸਫ਼ਰ-ਏ-ਸ਼ਹਾਦਤ ਦੇ ਸਫ਼ਰ ਨੂੰ ਤੈਅ ਕਰਦਿਆਂ ਈਟੀਵੀ ਭਾਰਤ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੇ ਸ੍ਰੀ ਕਤਲਗੜ੍ਹ ਸਾਹਿਬ ਪਹੁੰਚਿਆ। ਇਹ ਉਹ ਸਥਾਨ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੂਝਾਰ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਜੰਗ ਕਰਦਿਆਂ ਸ਼ਹੀਦ ਹੋ ਗਏ ਸਨ।
ਦੱਸ ਦਈਏ, ਸਰਸਾ ਨਦੀ 'ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛਣਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿੱਚ ਪਹੁੰਚੇ ਸਨ। ਉੱਥੇ ਹੀ ਜਦੋਂ ਵਜ਼ੀਰ ਖ਼ਾਨ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਗੜ੍ਹੀ ਵਿੱਚ ਹਨ ਤਾਂ ਮੁਗਲ ਫ਼ੌਜ ਗੜ੍ਹੀ ਨੂੰ ਘੇਰਾ ਪਾ ਲੈਂਦੀ ਹੈ। ਇਸ ਦੌਰਾਨ ਸਿੰਘਾ ਤੇ ਮੁਗਲਾਂ ਵਿੱਚ ਭਿਆਨਕ ਜੰਗ ਹੁੰਦੀ ਹੈ, ਗੜ੍ਹੀ ਵਿੱਚੋਂ ਪੰਜ-ਪੰਜ ਸਿੰਘਾਂ ਦਾ ਜੱਥਾ ਬਾਹਰ ਆਉਂਦਾ ਹੈ ਤੇ ਹਜ਼ਾਰਾਂ ਮੂਗਲ ਫ਼ੌਜਾਂ ਨਾਲ ਟਾਕਰਾ ਕਰ ਕੇ ਮੌਤ ਦੇ ਘਾਟ ਉਤਾਰ ਦਿੰਦਾ ਹੈ।
ਜਦੋਂ ਜੰਗ ਲੜਦਿਆਂ-ਲੜਦਿਆਂ ਕਈ ਸਿੰਘ ਸ਼ਹੀਦ ਹੋ ਜਾਂਦੇ ਹਨ ਤਾਂ ਬਾਬਾ ਅਜੀਤ ਸਿੰਘ ਜੀ ਨੇ ਖ਼ੁਦ ਗੜ੍ਹੀ ਤੋਂ ਬਾਹਰ ਜਾ ਕੇ ਮੁਗ਼ਲਾਂ ਨਾਲ ਲੜਨ ਦਾ ਫ਼ੈਸਲਾ ਕੀਤਾ। ਮੁਗਲਾਂ ਨਾਲ ਲੜਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੜਾਈ ਵਿੱਚ ਜਾਣ ਦੀ ਆਗਿਆ ਲਈ ਤੇ ਲੜਾਈ ਵਿੱਚ ਜਾ ਕੇ ਕਈ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਖ਼ੁਦ ਵੀ ਸ਼ਹੀਦ ਹੋ ਗਏ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚਮਕੌਰ ਸਾਹਿਬ ਵਿਖੇ ਜਿੱਥੇ ਜੰਗ ਹੋਈ, ਉਸ ਥਾਂ 'ਤੇ ਗੁਰਦੁਆਰਾ ਗੜ੍ਹੀ ਸਾਹਿਬ ਮੌਜੂਦ ਹੈ। ਇਸ ਦੇ ਨਾਲ ਹੀ ਜਿੱਥੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ।