ਰੂਪਨਗਰ: ਰੂਪਨਗਰ ਦੇ ਵਿੱਚ ਸਥਿਤ ਗਿਆਨੀ ਜੈਲ ਸਿੰਘ ਕਲੋਨੀ ਸਭ ਤੋਂ ਪੌਸ਼ ਕਲੋਨੀ ਗਿਣੀ ਜਾਂਦੀ ਹੈ। ਇਸ ਕਲੋਨੀ ਵਿੱਚ ਮੇਨ ਪਾਣੀ ਵਾਲੀ ਟੈਂਕੀ ਹੈ, ਜਿੱਥੋਂ ਸ਼ਹਿਰ ਨੂੰ ਸਾਰਾ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਸ ਵਾਟਰ ਵਰਕਸ ਦੀ ਹੱਦ ਦੇ ਅੰਦਰ ਸਵੱਛ ਭਾਰਤ ਮਿਸ਼ਨ ਦੇ ਨਾਂਅ 'ਤੇ ਨਗਰ ਕੌਂਸਲ ਵੱਲੋਂ ਕੂੜਾ ਕਰਕਟ ਇਕੱਠਾ ਕਰ ਉਸ ਦੀ ਖਾਦ ਬਣਾਉਣ ਦਾ ਯੂਨਿਟ ਲਗਾ ਦਿੱਤਾ ਗਿਆ ਹੈ। ਇਸ ਕੂੜੇ ਕਰਕਟ ਦੀ ਬਦਬੂ ਨੇ ਨੇੜਲੇ ਇਲਾਕਿਆਂ ਵਿੱਚ ਮੱਖੀ ਮੱਛਰ ਫੈਲਾ ਦਿੱਤਾ ਹੈ, ਜਿਸ ਕਾਰਨ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ।
ਕਲੋਨੀ ਦੇ ਪ੍ਰਧਾਨ ਰਾਜੂ ਸਤਿਆਲ ਨੇ ਦੱਸਿਆ ਕੀ ਉਨ੍ਹਾਂ ਦੀ ਸ਼ਹਿਰ ਦੇ ਵਿੱਚ ਸਭ ਤੋਂ ਪੌਸ਼ ਕਲੋਨੀ ਮੰਨੀ ਜਾਂਦੀ ਹੈ। ਪਰ ਹੁਣ ਇਸ ਕੂੜੇ ਕਰਕਟ ਦੀ ਬਦਬੂ ਨਾਲ ਨੇੜਲੇ ਘਰਾਂ ਨੂੰ ਰੋਜ਼ਾਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਦਬੂ ਦੇ ਨਾਲ ਮੱਖੀ ਮੱਛਰ ਵੀ ਵਧ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਊਬਨਲ ਨੂੰ ਵੀ ਸ਼ਿਕਾਇਤ ਦਿੱਤੀ ਸੀ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਨਗਰ ਕੌਂਸਲ ਨੂੰ ਕਿਹਾ ਸੀ ਕਿ ਪਾਣੀ ਵਾਲੀ ਟੈਂਕੀ ਦੇ ਸਥਾਨ 'ਤੇ ਇਹ ਕੂੜਾ ਕਰਕਟ ਜਮ੍ਹਾਂ ਕਰਕੇ ਖਾਦ ਬਣਾਉਣ ਵਾਲਾ ਸਥਾਨ ਸਹੀਂ ਨਹੀਂ ਹੈ। ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਰਾਜੂ ਸਤਿਆਲ ਨੇ ਦੱਸਿਆ ਕਿ ਅੱਗੇ ਆਉਣ ਵਾਲੇ ਗਰਮੀਆਂ ਤੇ ਬਰਸਾਤ ਦੇ ਦਿਨਾਂ ਵਿੱਚ ਇਸ ਕੂੜੇ ਕਰਕਟ ਦੀ ਬਦਬੂ ਇੰਨੀ ਫੈਲ ਜਾਂਦੀ ਹੈ ਕਿ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਲੋਨੀ ਵਾਸੀਆਂ ਦੀ ਮੰਗ ਹੈ ਕਿ ਇਸ ਸਥਾਨ ਤੋਂ ਯੂਨਿਟ ਨੂੰ ਬਦਲਿਆ ਜਾਵੇ, ਨਹੀਂ ਤਾਂ ਉਹ ਸੰਘਰਸ਼ ਕਰਨਗੇ ਅਤੇ ਸੜਕਾਂ ਜਾਮ ਕਰਨਗੇ।