ਰੂਪਨਗਰ: ਪੰਜਾਬ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਐੱਮਸੀ ਸਾਹਿਬਾਨਾਂ ਦੀ ਮਾਰਚ 2020 ਵਿੱਚ ਮਿਆਦ ਪੂਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਥੱਲੇ ਨਗਰ ਕੌਂਸਲ ਦਾ ਕੰਮਕਾਜ ਚੱਲ ਰਿਹਾ ਹੈ। ਪੰਜਾਬ ਦੇ ਨਗਰ ਕੌਂਸਲਾਂ ਦੇ ਪ੍ਰਧਾਨਾਂ ਅਤੇ ਐੱਮਸੀ ਸਾਹਿਬਾਨਾਂ ਦੀ ਮਿਆਦ ਪੂਰੀ ਹੋਣ ਉੱਤੇ ਰੋਪੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਪੰਜਾਬ ਸਰਕਾਰ ਨੂੰ ਨਗਰ ਕੌਂਸਲ ਦੀਆਂ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਮੌਜੂਦ ਵੱਖ-ਵੱਖ ਵਾਰਡਾਂ ਵਿੱਚ ਉਨ੍ਹਾਂ ਦੇ ਕਾਰਜਕਾਲ ਵਿੱਚ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ ਸਨ ਪਰ ਹੁਣ ਮਾਰਚ 2020 ਤੋਂ ਨਗਰ ਕੌਂਸਲ ਦਾ ਕੋਈ ਪ੍ਰਧਾਨ ਅਤੇ ਐੱਮਸੀ ਨਾ ਹੋਣ ਕਰਕੇ ਲੋਕਾਂ ਦੇ ਅਨੇਕਾਂ ਕੰਮ ਨਹੀਂ ਹੋ ਰਹੇ ਅਤੇ ਵਿਕਾਸ ਕੰਮਾਂ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 232 ਨਗਰ ਕੌਂਸਲਾਂ ਹਨ ਜਿਸ ਵਿੱਚੋਂ 167 ਨਗਰ ਕੌਸਲਾਂ ਦੇ ਪ੍ਰਧਾਨ ਤੇ ਐਮਸੀ ਸਾਹਿਬਾਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ।
ਪਰਮਜੀਤ ਸਿੰਘ ਮੱਕੜ ਨੇ ਸਰਕਾਰ ਨੂੰ ਮੰਗ ਕੀਤੀ ਕਿ ਉਹ ਜਲਦ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਕਰੇ। ਆਉਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਪਰਮਜੀਤ ਸਿੰਘ ਮੱਕੜ ਨੇ ਆਪਣੇ ਅਕਾਲੀ ਕੌਂਸਲਰਾਂ ਦੇ ਨਾਲ ਇੱਕ ਵੈੱਬ ਮੀਟਿੰਗ ਵੀ ਕੀਤੀ।