ਰੂਪਨਗਰ: ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਕੇ ਵੇਚਣ ਲਈ ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਲਾਇਸੈਂਸ ਤਾਂ ਜਾਰੀ ਕਰ ਦਿੱਤੇ ਗਏ ਹਨ, ਪਰ ਸੁਪਰੀਮ ਕੋਰਟ ਵੱਲੋਂ ਪਟਾਕੇ ਵੇਚਣ ਦੀਆਂ ਹਦਾਇਤਾਂ ਦੀ ਧਜੀਆਂ ਉਡਾਇਆਂ ਜਾ ਰਹੀਆਂ ਹਨ। ਪਟਾਕੇ ਵੇਚਣ ਵਾਲੀ ਥਾਂ 'ਤੇ ਪ੍ਰਸ਼ਾਸਨ ਵੱਲੋਂ ਅੱਗਜਨੀ ਦੀ ਘਟਨਾ 'ਤੇ ਕਾਬੂ ਪਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਹਨ।
ਈਟੀਵੀ ਭਾਰਤ ਦੀ ਟੀਮ ਵੱਲੋਂ ਸਥਾਨਕ ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋਂ ਅਲਾਟ ਕੀਤੇ ਪਟਾਕਾ ਵੇਚਣ ਵਾਲੇ ਕਾਊਂਟਰਾਂ ਦਾ ਦੌਰਾ ਕੀਤਾ ਗਿਆ। ਜਿੱਥੇ ਦੁਕਾਨਾਂ ਦੇ ਵਿੱਚ ਕਈ ਤਰ੍ਹਾਂ ਦੇ ਪਟਾਕੇ ਅਤੇ ਧਮਾਕੇ ਵਾਲੀ ਸਮੱਗਰੀ ਰੱਖੀ ਗਈ ਹੈ। ਦਰਅਸਲ, ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਇੱਕ ਹਜ਼ਾਰ ਰੁਪਏ ਫ਼ੀਸ ਪਰਚੀ ਵਜੋਂ ਲਈ ਗਈ ਸੀ ਜਿਸ ਤੋਂ ਬਾਅਦ 71 ਦੁਕਾਨਦਾਰਾਂ ਵੱਲੋਂ ਇਹ ਫ਼ੀਸ ਭਰੀ ਗਈ। ਇਸ ਵਿੱਚੋਂ 20 ਪਰਚੀਆਂ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਅਤੇ 51 ਪਰਚੀਆਂ ਦੇ ਲੱਕੀ ਡਰਾਅ ਕੱਢੇ ਗਏ ਸਨ। ਇਸ ਤੋਂ ਬਾਅਦ ਕੁੱਲ 6 ਪਰਚੀਆਂ ਕੱਢਣ ਤੋਂ ਬਾਅਦ, ਇੱਥੇ ਸਥਾਨਕ ਰਾਮ ਲੀਲਾ ਗਰਾਊਂਡ ਦੇ ਵਿੱਚ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੇ ਲਇਸੈਂਸ ਜਾਰੀ ਕੀਤੇ ਗਏ।
ਰਾਮਲੀਲਾ ਗਰਾਊਂਡ ਵਿੱਚ ਨਗਰ ਕੌਂਸਲ ਵੱਲੋਂ 7, 000 ਰੁਪਏ ਪ੍ਰਤੀ ਦੁਕਾਨਦਾਰ ਵਸੂਲ ਕੀਤਾ ਗਿਆ ਹੈ ਜਿਸ ਦੇ ਬਦਲੇ ਨਗਰ ਕੌਂਸਲ ਵੱਲੋਂ ਪਾਣੀ ਦਾ ਟੈਂਕਰ ਅਤੇ ਅੱਗ ਬੁਝਾਊ ਗੱਡੀ ਦਾ ਪ੍ਰਬੰਧ ਕਰਨਾ ਸੀ, ਪਰ ਇੱਥੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਅੱਗਜਨੀ ਦੇ ਮੱਦੇਨਜ਼ਰ ਨਾ ਤਾਂ ਪਾਣੀ ਦਾ ਟੈਂਕਰ ਮੁਹੱਈਆ ਕਰਵਾਇਆ ਗਿਆ ਹੈ ਤੇ ਨਾ ਹੀ ਅੱਗ ਬੁਝਾਊ ਵਾਹਨ, ਬਲਕਿ ਲਾਇਸੈਂਸ ਅਤੇ ਜਗ੍ਹਾ ਦੇਣ ਦੇ ਬਦਲੇ ਉਨ੍ਹਾਂ ਤੋਂ ਫ਼ੀਸਾਂ ਵਸੂਲ ਕਰ ਲਈਆਂ ਗਈਆਂ ਹਨ।