ਰੂਪਨਗਰ: ਦੇਸ਼ ਵਿੱਚ ਕਿਸਾਨਾਂ ਵੱਲੋਂ ਬੀਬੀਐਮਬੀ ਤੇ ਰਹਿੰਦੀਆਂ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਮੁੜ ਤੋਂ ਕੇਂਦਰ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੂਰੇ ਦੇਸ਼ ਵਿੱਚ ਡੀਸੀ ਦਫਤਰਾਂ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰਾਂ ਨੂੰ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਦਿੱਤਾ ਗਿਆ। ਇਸੇ ਤਰ੍ਹਾਂ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਰੂਪਨਗਰ ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਨਵਨਿਯੁਕਤ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਲੈ ਕੇ ਡੀ ਸੀ ਦਫਤਰ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ ਅਤੇ ਜਦੋਂ ਪੁਲਿਸ ਪ੍ਰਸ਼ਾਸਨ ਦੁਆਰਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਗੇਟ ਉੱਤੇ ਚੜ੍ਹ ਗਏ ਅਤੇ ਧੱਕਾ ਮੁੱਕੀ ਕਰਕੇ ਅੰਦਰ ਦਾਖ਼ਲ ਹੋ ਗਏ॥
ਇਸ ਮੌਕੇ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਤਕਰੀਬਨ 1 ਸਾਲ ਤੱਕ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਮੋਦੀ ਸਰਕਾਰ ਦੁਆਰਾ ਭਰੋਸਾ ਦਿੱਤਾ ਗਿਆ ਸੀ ਕਿ ਕਿਸਾਨਾਂ ਉੱਤੇ ਕੀਤੇ ਹੋਏ ਪਰਚੇ ਰੱਦ ਕੀਤੇ ਜਾਣਗੇ ਅਤੇ ਲਖੀਮਪੁਰ ਖੀਰੀ ਦੇ ਵਿੱਚ ਹੋਈ ਮੰਦਭਾਗੀ ਮੰਦਭਾਗੀ ਘਟਨਾ ਦੇ ਮੁਲਜ਼ਮ ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਕਿਸਾਨਾਂ ਨੇ ਕੇਂਦਰ ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਨਾ ਹੀ ਤਾਂ ਕਿਸਾਨਾਂ ਦੇ ਉੱਪਰ ਦਰਜ ਪਰਚੇ ਰੱਦ ਕੀਤੇ ਗਏ ਅਤੇ ਨਾ ਹੀ ਲਖੀਮਪੁਰ ਖੀਰੀ ਦੇ ਮੁਲਜ਼ਮ ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਰਾਜ ਸਭਾ ਲਈ ਰਾਘਵ ਚੱਢਾ ਅਤੇ ਸੰਜੀਵ ਪਾਠਕ ਨੂੰ ਭੇਜਿਆ ਹੈ ਜੋ ਕਿ ਗਲਤ ਹੈ।
ਇਹ ਵੀ ਪੜ੍ਹੋ: ਸਕੂਲ ਵੇਚਣ ਦੇ ਇਸ਼ਤਿਹਾਰ 'ਤੇ ਗਰਮਾਈ ਰਾਜਨੀਤੀ