ਰੂਪਨਗਰ: ਪੂਰੀ ਦੁਨੀਆ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨੇ ਆਰਥਿਕ ਅਤੇ ਵਪਾਰਕ ਵਿਵਸਥਾ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਸ ਮਹਾਂਮਾਰੀ ਨਾਲ ਜਿੱਥੇ ਵੱਡੇ ਕਾਰੋਬਾਰੀਆਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸ ਮਹਾਂਮਾਰੀ ਨਾਲ ਛੋਟੇ ਕਾਰੋਬਾਰੀਆਂ ਦਾ ਕੰਮ ਵੀ ਠੱਪ ਹੋ ਗਿਆ ਹੈ। ਰੂਪਨਗਰ ਦੇ ਇਲੈਕਟ੍ਰੋਨਿਕਸ ਵਰਕਸ਼ਾਪ ਦਾ ਕੰਮ ਵੀ ਨਾ-ਮਾਤਰ ਚੱਲ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲੈਕਟ੍ਰੋਨਿਕਸ ਵਰਕਸ਼ਾਪ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ਰੂਪਨਗਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਹੈ ਤੇ ਉਹ ਪਿਛਲੇ 20 ਸਾਲਾਂ ਤੋਂ ਇਲੈਕਟ੍ਰਾਨਿਕਸ ਵਰਕਸ਼ਾਪ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਲਗਾਇਆ ਹੈ, ਉਦੋਂ ਤੋਂ ਹੀ ਉਨ੍ਹਾਂ ਦਾ ਕੰਮ ਬੰਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਨਲੌਕ ਕਰਕੇ ਉਨ੍ਹਾਂ ਨੂੰ ਰਾਹਤ ਤਾਂ ਦੇ ਦਿੱਤੀ ਪਰ ਹੁਣ ਵੀਕੈਂਡ ਲੌਕਡਾਊਨ ਲੱਗਾ ਕੇ ਫਿਰ ਉਨ੍ਹਾਂ ਦੇ ਕੰਮ ਨੂੰ ਘਟਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ 'ਤੇ ਜ਼ਿਆਦਾਤਰ ਗ੍ਰਾਹਕ ਰੂਪਨਗਰ ਤੇ ਆਸ-ਪਾਸ ਦੇ ਇਲਾਕਿਆਂ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਹਨ ਪਰ ਕੋਰੋਨਾ ਦੇ ਚੱਲਦੇ ਹੁਣ ਇਨ੍ਹਾਂ ਕੋਲ ਗ੍ਰਾਹਕ ਵੀ ਬਹੁਤ ਘੱਟ ਆ ਰਹੇ ਹਨ ਜਿਸ ਕਾਰਨ ਦੁਕਾਨ ਆਰਥਿਕ ਮੰਦੀ 'ਚੋਂ ਲੰਘ ਰਹੀ ਹੈ। ਦੁਕਾਨ ਦਾ ਕੰਮ ਮੰਦਾ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਤੇ ਆਪਣੇ ਬੱਚਿਆਂ ਦਾ ਖਰਚਾ ਚੁੱਕਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਕੋਈ ਸੁਵਿਧਾ ਮੁਹੱਈਆ ਕਰਵਾਏ।