ਰੂਪਨਗਰ: ਬਿਜਲੀ ਮਹਿਕਮੇ ਦੇ ਵਿੱਚ ਕੰਟਰੈਕਟ 'ਤੇ ਕੰਮ ਕਰਨ ਵਾਲੇ ਨੌਜਵਾਨ ਕਾਮਿਆਂ ਨੂੰ ਤਨਖ਼ਾਹ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕੰਟਰੈਕਟ 'ਤੇ ਬਿਜਲੀ ਮਹਿਕਮੇ ਦੇ ਵਿੱਚ ਮੀਟਰ ਰੀਡਰ ਦਾ ਕੰਮ ਕਰਨ ਵਾਲੇ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਰੋਪੜ ਡਿਵੀਜ਼ਨ ਦੇ ਵਿੱਚ 15 ਮੁੰਡੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ 15 ਜਨਵਰੀ ਤੋਂ ਬਾਅਦ ਇੱਕ ਰੁਪਿਆ ਵੀ ਤਨਖ਼ਾਹ ਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਅਸੀਂ ਪਹਿਲਾਂ ਹੀ ਪਰੇਸ਼ਾਨ ਹਾਂ ਤੇ ਉੱਤੋਂ ਤਨਖ਼ਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 10 ਤੇ ਸੰਗਰੂਰ 'ਚ 3 ਹੋਰ ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਵੀ ਮੰਗ ਪੱਤਰ ਦਿੱਤਾ ਸੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀ ਵੀ ਸਾਡੇ ਨਾਲ ਮਾੜਾ ਵਤੀਰਾ ਕਰਦੇ ਹਨ ਜਦੋਂ ਕਿ ਅਸੀਂ ਰੋਜ਼ਾਨਾ ਬਿਜਲੀ ਮਹਿਕਮੇ ਦਾ ਹੀ ਕੰਮ ਕਰਦੇ ਹਾਂ। ਉਨ੍ਹਾਂ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਸਾਡੀ ਤਨਖ਼ਾਹ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਆਪਣਾ ਕੰਮ ਕਰ ਸਕੀਏ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੀਏ।