ਰੂਪਨਗਰ: ਕੋਰੋਨਾ ਵਾਇਰਸ ਕਰ ਕੇ ਆਰਥਿਕ ਹਾਲਾਤ ਕਾਫ਼ੀ ਵਿਗੜ ਗਏ ਹਨ, ਇਸ ਨੇ ਕਈ ਲੋਕਾਂ ਨੂੰ ਬੇਰੁਜ਼ਗਾਰ ਕਰ ਕੇ ਰੱਖ ਦਿੱਤਾ ਹੈ, ਜਿਨ੍ਹਾਂ ਵਿੱਚ ਪੜੇ-ਲਿਖੇ ਨੌਜਵਾਨ ਵੀ ਸ਼ਾਮਲ ਹਨ।
ਸਰਕਾਰਾਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੇ ਲਈ ਵੱਡੇ-ਵੱਡੇ ਦਾਅਵੇ ਕਰਦੀਆਂ ਰਹਿੰਦੀਆਂ ਹਨ। ਪੰਜਾਬ ਸਰਕਾਰ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਅਤੇ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਪੋਸਟਰ ਨਿੱਤ ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ਉੱਤੇ ਦੇਖਣ ਨੂੰ ਵੀ ਮਿਲਦੇ ਹਨ।
ਈਟੀਵੀ ਭਾਰਤ ਦੀ ਖ਼ਾਸ ਰਿਪੋਰਟ ਅਸੀਂ ਤੁਹਾਨੂੰ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਇੱਕ ਦੂਸਰੀ ਤਸਵੀਰ ਦਿਖਾਉਣ ਜਾ ਰਹੇ ਹਾਂ, ਰੂਪਨਗਰ ਦੇ ਕੁੱਝ ਨੌਜਵਾਨ ਸ਼ਹਿਰ ਦੇ ਡੀਏਵੀ ਪਬਲਿਕ ਸਕੂਲ ਰੋਡ ਉੱਤੇ ਲੌਕਡਾਊਨ ਕਰ ਕੇ ਲੱਗੇ ਕਰਫ਼ਿਊ ਦੌਰਾਨ ਸਬਜ਼ੀਆਂ ਅਤੇ ਫ਼ਲ ਵੇਚ ਰਹੇ ਹਨ।
ਇਹ ਨੌਜਵਾਨ ਸਵੇਰੇ ਸਾਜਰੇ ਉੱਠ ਕੇ ਸਬਜ਼ੀ ਮੰਡੀ ਤੋਂ ਥੋਕ ਰੇਟ ਉੱਤੇ ਸਬਜ਼ੀਆਂ ਅਤੇ ਫ਼ਲ ਲਿਆ ਕੇ ਵੇਚ ਰਹੇ ਹਨ। ਜਿਸ ਥਾਂ ਉੱਤੇ ਇਹ ਨੌਜਵਾਨ ਫ਼ਲ ਅਤੇ ਸਬਜ਼ੀਆਂ ਵੇਚ ਰਹੇ ਹਨ, ਉੱਥੇ ਹਰ ਸਮੇਂ ਗਾਹਕਾਂ ਦੀ ਭੀੜ ਲ਼ੱਗੀ ਰਹਿੰਦੀ ਹੈ।
ਫ਼ਲ ਵੇਚਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਖ਼ੁਦ ਬੀਟੈੱਕ ਦੀ ਪੜ੍ਹਾਈ ਕਰ ਰੱਖੀ ਹੈ। ਪਰ ਕੋਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਦੌਰਾਨ ਸਾਰੇ ਕੰਮ-ਧੰਦੇ ਬੰਦ ਹਨ ਤੇ ਉਨ੍ਹਾਂ ਕੋਲ ਕਰਨ ਲਈ ਕੁੱਝ ਵੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਫ਼ਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਸ਼ੁਰੂ ਕਰਨ ਦਾ ਸੋਚਿਆ।
ਮਨਪ੍ਰੀਤ ਸਿੰਘ ਨੇ ਦੱਸਿਆ ਉਸ ਦੇ ਨਾਲ ਇਸ ਕੰਮ ਵਿੱਚ ਉਸ ਦਾ ਭਰਾ ਵੀ ਹੱਥ ਵਟਾ ਰਿਹਾ ਹੈ। ਉਸ ਨੇ ਵੀ ਐੱਮਐੱਸਸੀ ਆਈਟੀ ਦੀ ਪੜ੍ਹਾਈ ਕਰ ਰੱਖੀ ਹੈ। ਉਹ ਤੇ ਉਸ ਦਾ ਭਰਾ ਹਰ-ਰੋਜ਼ ਇਥੇ ਆ ਕੇ ਸਬਜ਼ੀ ਅਤੇ ਫ਼ਲ ਵੇਚਦੇ ਹਨ, ਕਿਉਂਕਿ ਕੋਰੋਨਾ ਕਰ ਕੇ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ।
ਮਨਪ੍ਰੀਤ ਦਾ ਕਹਿਣਾ ਹੈ ਕਿ ਇਸ ਲੌਕਡਾਊਨ ਲੋਕਾਂ ਦੀ ਆਰਥਿਕ ਸਥਿਤੀ ਵੀ ਕਾਫ਼ੀ ਵਧੀਆ ਨਹੀਂ ਹੈ, ਇਸ ਲਈ ਉਨ੍ਹਾਂ ਵੱਲੋਂ ਸਬਜ਼ੀ ਮੰਡੀ ਵਿੱਚੋਂ ਥੋਕ ਰੇਟ ਉੱਤੇ ਫ਼ਲ ਅਤੇ ਸਬਜ਼ੀਆ ਲਿਆ ਕੇ ਘੱਟ ਰੇਟਾਂ ਉੱਤੇ ਲੋਕਾਂ ਨੂੰ ਵੇਚ ਰਹੇ ਹਨ। ਉਨ੍ਹਾਂ ਕਿਹਾ ਬੇਸ਼ੱਕ ਅਸੀਂ ਪੜ੍ਹੇ ਲਿਖੇ ਹਾਂ ਪਰ ਕੰਮ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮਿਹਨਤ ਕਰਨੀ ਚਾਹੀਦੀ ਹੈ।
ਰੂਪਨਗਰ ਆਈਟੀ ਵਿੱਚ ਬਤੌਰ ਪ੍ਰੋਫ਼ੈਸਰ ਪੜ੍ਹਾ ਰਹੇ ਅਨੁਪਮ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਹ ਰੋਜ਼ਾਨਾ ਇਨ੍ਹਾਂ ਕੋਲ ਫ਼ਲ ਅਤੇ ਸਬਜ਼ੀਆਂ ਖ਼ਰੀਦਣ ਦੇ ਲਈ ਆਉਂਦੇ ਹਨ। ਉਹ ਨੌਜਵਾਨ ਆਪਣੇ ਆਪ ਵਿੱਚ ਮਿਸਾਲ ਹਨ।
ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਇਹ ਨੌਜਵਾਨ ਫ਼ਲ ਅਤੇ ਸਬਜ਼ੀਆਂ ਵੇਚ ਰਹੇ ਹਨ, ਉੱਥੇ ਹੀ ਲੋਕਾਂ ਨੂੰ ਸਸਤੇ ਭਾਅ ਉੱਤੇ ਫ਼ਲ-ਸਬਜ਼ੀਆਂ ਵੇਚ ਕੇ ਇੱਕ ਇਨਸਾਨੀਅਤ ਦੀ ਮਿਸਾਲ ਬਣ ਰਹੇ ਹਨ।