ਰੂਪਨਗਰ: ਕਣਕ ਦੀ ਫ਼ਸਲ ਪੱਕ ਚੁੱਕੀ ਹੈ ਅਤੇ ਪੰਜਾਬ ਵਿੱਚ ਕਰਫ਼ਿਊ ਕਾਰਨ ਪ੍ਰਸ਼ਾਸਨ ਵੱਲੋਂ ਇਸ ਨੂੰ ਮੰਡੀਆਂ ਵਿੱਚ ਲੈ ਕੇ ਆਉਣ ਦੇ ਚੱਲਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕਣਕ ਮੰਡੀ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਪ੍ਰਬੰਧ ਕਰਨ ਸਬੰਧੀ ਨਿਰਦੇਸ਼ ਦਿੱਤੇ।
ਡੀਸੀ ਸੋਨਾਲੀ ਗਿਰਿ ਨੇ ਕਿਹਾ ਕਿ ਮੰਡੀਆਂ ਵਿੱਚ ਸੁੱਕੀ ਕਣਕ ਹੀ ਲਿਆਉਂਦੀ ਜਾਵੇ। ਜੇਕਰ ਹਾਰਵੈਸਟਰ ਵੱਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਤੋਂ ਵੱਧ ਨਮੀ ਵਾਲੀ ਅਤੇ ਗਿੱਲੀ ਕਣਕ ਵੱਢੀ ਜਾਂਦੀ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਨਿਯਮਾਂ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਜੇਕਰ ਮੰਡੀਆਂ ਵਿੱਚ ਗਿੱਲੀ ਕਣਕ ਲੈ ਕੇ ਆਉਂਣਗੇ ਤਾਂ ਉਨ੍ਹਾਂ ਨੂੰ ਉਸੇਂ ਸਮੇਂ ਵਾਪਿਸ ਮੋੜ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਫਸਲ ਮੰਡੀਆਂ ਵਿੱਚ ਲੈ ਆਉਣ ਲਈ ਦੁਬਾਰਾ ਕੂਪਨ ਜਾਰੀ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਰਤ ਖੁਰਾਕ ਨਿਗਮ (ਐੱਫ.ਸੀ.ਆਈ.) ਵੱਲੋਂ ਨਿਧਾਰਿਤ ਕੀਤੇ ਗਏ 12 ਫ਼ੀਸਦੀ ਨਮੀ ਦੇ ਮਾਪਦੰਡ ਤੋਂ ਵੱਧ ਨਮੀ ਵਾਲੀ ਕਣਕ ਮੰਡੀਆਂ ਵਿੱਚ ਨਾ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਬੇਵਜ੍ਹਾ ਮੰਡੀਆਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕਿਸਾਨ ਮੰਡੀਆਂ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਵਿਸ਼ਵ ਭਰ ਵਿਚ ਫੈਲੀ ਹੋਈ ਹੈ, ਇਸ ਲਈ ਕੋਵਿਡ-19 ਦੇ ਮੱਦੇਨਜ਼ਰ ਹਾੜ੍ਹੀ ਸੀਜ਼ਨ ਦੌਰਾਨ ਭੀੜ ਨੂੰ ਰੋਕਣ ਲਈ, ਹਾਰਵੈਸਟਰ ਕੰਬਾਈਨਾਂ ਦੁਆਰਾ ਕਣਕ ਦੀ ਕਟਾਈ ਸਿਰਫ਼ ਦਿਨ ਦੇ ਸਮੇਂ ਦੌਰਾਨ ਸਵੇਰੇ 6:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੀਮਤ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਰਾਤ ਦੇ ਸਮੇਂ ਦੌਰਾਨ ਸ਼ਾਮ 7:00 ਤੋਂ ਸਵੇਰੇ 6:00 ਵਜੇ ਤੱਕ ਕਟਾਈ ਲਈ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਹਾਰਵੈਸਟਰ ਜਾਂ ਕੰਬਾਈਨ ਮਾਲਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੋਵਿਡ-19 ਬਿਮਾਰੀ ਤੋਂ ਬਚਣ ਲਈ ਉਨ੍ਹਾਂ ਕਿਸਾਨਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਸੈਨੇਟਾਈਜ਼ਰ ਦੀ ਸੁਵਿਧਾ ਅਤੇ ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਆਦਿ ਦੀ ਪਾਲਣਾ ਕਰਨੀ ਅਤੇ ਹਰੇਕ ਵਿਅਕਤੀ ਵੱਲੋਂ ਮਾਸਕ ਲਗਾਉਣ ਯਕੀਨੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਾਮਾ ਖੰਘ, ਬੁਖ਼ਾਰ ਜਾਂ ਸਾਹ ਲੈਣ ਸਮੇਂ ਪੀੜਤ ਜਾਂ ਢਿੱਲਾ ਮੱਠਾ ਹੋਵੇ, ਤਾਂ ਅਜਿਹੇ ਕਾਮੇ ਨੂੰ ਕੰਮ ਕਰਨ ਤੋਂ ਤੁਰੰਤ ਰੋਕ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਖ਼ਰੀਦ ਸਬੰਧੀ ਵੱਖ-ਵੱਖ ਥਾਵਾਂ ’ਤੇ 47 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਮੰਡੀਆਂ ਵਿੱਚ ਆੜ੍ਹਤੀਆਂ ਵੱਲੋਂ ਹੀ ਕਿਸਾਨਾਂ ਨੂੰ ਵਿਸ਼ੇਸ਼ ਕੂਪਨ ਜਾਰੀ ਕੀਤੇ ਜਾਣਗੇ ਅਤੇ ਇਹੀ ਕੂਪਨ ਉਨ੍ਹਾਂ ਲਈ ਕਰਫ਼ਿਊ ਪਾਸ ਹੋਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਵੀ ਆੜ੍ਹਤੀਆਂ ਰਾਹੀਂ 48 ਘੰਟੇ ਅੰਦਰ ਹੋਵੇਗੀ। ਕਿਸਾਨਾਂ ਨੂੰ ਨਿਰਧਾਰਿਤ ਤਾਰੀਕ ’ਤੇ ਮੰਡੀ ਵਿੱਚ ਨਿਰਧਾਰਿਤ ਮਾਤਰਾ ਵਿੱਚ ਕਣਕ ਲੈ ਕੇ ਆਉਣਾ ਪਵੇਗਾ। ਇਸ ਬਾਰੇ ਕਿਸਾਨਾਂ ਨੂੰ ਕੂਪਨ ਦੇਣ ਸਮੇਂ ਤਾਰੀਕ ਵੀ ਆੜ੍ਹਤੀਏ ਹੀ ਦੇਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਹੋਰ ਵੱਖ-ਵੱਖ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾਈ ਜਾਵੇ ਅਤੇ ਕਿਸਾਨਾਂ ਲਈ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ।