ਰੂਪਨਗਰ: ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈੱਡ ਵਰਕਸ 'ਤੇ ਇੱਕ ਪਾਰਕ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਕ੍ਰੈਡਿਟ ਰੂਪਨਗਰ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਮੀਡੀਆ ਵਿੱਚ ਲੈ ਰਹੇ ਹਨ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕੜਾ ਇਤਰਾਜ਼ ਜ਼ਾਹਿਰ ਕੀਤਾ ਹੈ।
ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਬਰਿੰਦਰ ਸਿੰਘ ਢਿੱਲੋਂ ਨੂੰ ਇਹ ਸਵਾਲ ਕੀਤਾ ਹੈ ਕਿ ਉਹ ਦੱਸਣ ਪਾਰਕ ਦੀ ਉਸਾਰੀ ਲਈ ਉਹ ਕਿਹੜੇ ਮੈਂਬਰ ਪਾਰਲੀਮੈਂਟ ਜਾਂ ਕਿਹੜੇ ਮੰਤਰੀ ਤੋਂ ਉਸ ਲਈ ਫੰਡ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਇਹ ਪਾਰਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸਾਰਿਆ ਜਾ ਰਿਹਾ ਹੈ।
ਉਧਰ ਇਸ ਪਾਰਕ ਦੇ ਵਿੱਚ ਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਿਕਟ ਜਾਂ ਸਾਲਾਨਾ ਮੈਂਬਰਸ਼ਿਪ ਲੈਣ ਦੀ ਗੱਲ ਚੱਲ ਰਹੀ ਹੈ। ਇਸ 'ਤੇ ਵੀ ਅਕਾਲੀ ਦਲ ਨੇ ਆਪਣਾ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਜਿਹੇ ਪਾਰਕ ਪਬਲਿਕ ਦੀ ਪ੍ਰਾਪਰਟੀ ਹੁੰਦੇ ਹਨ ਜਿੱਥੇ ਆਉਣ ਜਾਣ ਲਈ ਕੋਈ ਟਿਕਟ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 170 ਤੱਕ ਪਹੁੰਚੀ, 7711 ਕੁੱਲ ਮਾਮਲਿਆਂ ਦੀ ਪੁਸ਼ਟੀ
ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਤੋਂ ਬਰਿੰਦਰ ਸਿੰਘ ਢਿੱਲੋਂ ਰੂਪਨਗਰ ਦੇ ਵਿੱਚ ਉਸਾਰੇ ਜਾ ਰਹੇ ਪਾਰਕ ਸਬੰਧੀ ਅਕਾਲੀਆਂ ਦੇ ਇਸ ਸਵਾਲ 'ਤੇ ਕੀ ਜਵਾਬ ਦਿੰਦੇ ਹਨ ਤੇ ਉਧਰ ਜ਼ਿਲ੍ਹਾ ਪ੍ਰਸ਼ਾਸਨ ਉਕਤ ਪਾਰਕ 'ਤੇ ਲਗਾਈ ਜਾ ਰਹੀ ਟਿਕਟ ਬਾਰੇ ਕੀ ਸਫ਼ਾਈ ਦਿੰਦਾ ਹੈ।