ਰੂਪਨਗਰ: ਚੰਡੀਗੜ੍ਹ-ਮਨਾਲੀ ਹਾਈਵੇ ਤੇ ਹਿਮਾਚਲ-ਪੰਜਾਬ ਬਾਰਡਰ ਦੇ ਬਿਲਕੁਲ ਨਜ਼ਦੀਕ ਹਿਮਾਚਲ ਦੇ ਪਿੰਡ ਗਰਾਮੋੜਾ ਵਿਖੇ ਹਾਈਵੇ 'ਤੇ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ ਇੱਕ ਨੌਜਵਾਨ ਟਰੱਕ ਡਰਾਇਵਰ ਦੀ ਮੌਤ ਹੋ ਗਈ ਹੈ।
ਸ਼ਾਮ ਨੂੰ ਚੰਡੀਗੜ੍ਹ-ਮਨਾਲੀ ਹਾਈਵੇ ਤੇ ਸੜਕ ਦੀ ਖਸਤਾ ਹਾਲਤ ਦੇ ਚਲਦਿਆਂ ਇੱਕ ਰਾਖ ਨਾਲ ਭਰਿਆ ਟਰੱਕ ਡੂੰਗੀ ਖਾਈ ਵਿੱਚ ਡਿੱਗ ਗਿਆ ਤੇ ਟਰੱਕ ਡਾਇਵਰ ਦੀ ਮੌਤ ਹੋ ਗਈ ਹੈ। ਦੇਰ ਰਾਤ ਕਰੀਬ 12 ਵਜੇ ਟਰੱਕ ਡਰਾਈਵਰ ਦੀ ਲਾਸ਼ ਬਾਹਰ ਕੱਢੀ ਗਈ। ਲਾਸ਼ ਨੂੰ ਕੱਢਣ ਲਈ ਪਿੰਡ ਇਲਾਕੇ ਦੇ ਲੋਕਾਂ ਨੂੰ ਕਰੀਬ 7 ਘੰਟੇ ਜੱਦੋ ਜਹਿਦ ਕਰਨੀ ਪਈ ਅਤੇ ਪੁਲਿਸ ਪ੍ਰਸ਼ਾਸ਼ਨ ਬੇਸ਼ਕ ਮੌਕੇ ਤੇ ਮੌਜੂਦ ਸੀ ਪਰ ਜਿਸ ਤਰੀਕੇ ਨਾਲ ਟਰੱਕ ਵਿਚੋਂ ਡਰਾਈਵਰ ਦੀ ਲਾਸ਼ ਕੱਢਣ ਲਈ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ ਤੇ ਕੋਸ਼ਿਸਾਂ ਕੀਤੀਆਂ ਗਈਆਂ, ਉਸਨੂੰ ਲੈ ਕੇ ਲੋਕਾਂ ਵਿੱਚ ਪ੍ਰਸ਼ਾਸ਼ਨ ਅਤੇ ਹਾਈਵੇ ਅਥਾਰਟੀ ਦੇ ਖਿਲਾਫ ਗੁੱਸਾ ਵੀ ਦੇਖਣ ਨੂੰ ਮਿਲਿਆ।
ਮੋਕੇ 'ਤੇ ਪਹੁੰਚੇ ਨੈਨਾ ਦੇਵੀ ਦੇ ਤਹਿਸੀਲਦਾਰ ਹੁਸਨ ਚੰਦ ਵਲੋਂ ਪਰਿਵਾਰ ਨੂੰ 10,000 ਰੁਪਏ ਦੀ ਫੌਰੀ ਮੱਦਦ ਦਿੱਤੀ ਤੇ ਡੀਐਸਪੀ ਸਦਰ ਬਿਲਾਸਪੁਰ ਸੰਜੇ ਸ਼ਰਮਾ ਨੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰਨ ਦਾ ਦਾਅਵਾ ਕੀਤਾ ਗਿਆ।