ਰੂਪਨਗਰ: 24 ਸਤੰਬਰ 2019 ਦਾ ਦਿਨ ਪੂਰੇ ਭਾਰਤ 'ਚ ਕੌਮੀ ਸੇਵਾ ਯੋਜਨਾ ਦੀ 50ਵੀਂ ਵਰ੍ਹੇ ਗੰਢ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਆਖ਼ਰ ਇਸ ਯੋਜਨਾ ਦਾ ਉਦੇਸ਼ ਕੀ ਹੈ ਅਤੇ ਨੌਜਵਾਨ ਇਸ ਯੋਜਨਾ ਨਾਲ ਕਿਸ ਹੱਦ ਤੱਕ ਜੁੜੇ ਹੋਏ ਹਨ ਇਸ ਸਬੰਧੀ ਜਾਨਣ ਲਈ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਦੇ ਰੰਗਕਰਮੀ ਰਮਨ ਮਿੱਤਲ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਗੱਲਬਾਤ ਦੌਰਾਨ ਜਿੱਥੇ ਰਮਨ ਮਿੱਤਲ ਨੇ ਕੌਮੀ ਸੇਵਾ ਯੋਜਨਾ(NSS) ਬਾਰੇ ਦੱਸਿਆ ਉੱਥੇ ਹੀ ਇਸ ਯੋਜਨਾ ਨੂੰ ਨੌਜਵਾਨਾਂ ਤੱਕ ਸੀਮਤ ਹੋਣ ਦੀ ਗੱਲ ਵੀ ਆਖੀ। ਰਮਨ ਮਿੱਤਲ ਨੇ ਦੱਸਿਆ ਕਿ ਐਨਐੱਸਐੱਸ ਤੋਂ ਭਾਵ ਦੇਸ਼ਵਾਸੀਆਂ ਰਾਹੀਂ ਦੇਸ਼ ਦੀ ਸੇਵਾ ਕਰਨ ਤੋਂ ਹੈ। ਪ੍ਰਸਿੱਧ ਰੰਗਕਰਮੀ ਰਮਨ ਮਿੱਤਲ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵੱਲੋਂ ਇਹ ਮਹਿਕਮਾ ਕੇਵਲ ਵਿਦਿਆਰਥੀਆਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਅਤੇ ਇਹ ਯੋਜਨਾ ਹੁਣ ਤੱਕ ਕਾਲਜਾਂ ਦੇ ਕੈਂਪਸ ਤੋਂ ਬਾਹਰ ਹੀ ਨਹੀਂ ਨਿਕਲ ਸਕੀ ਜਦੋਂ ਕਿ ਹਰ ਵਰਗ ਅਤੇ ਹਰ ਨੌਜਵਾਨ ਨੂੰ ਇਸ ਸੇਵਾ ਦੇ ਨਾਲ ਜੋੜਨ ਦੀ ਲੋੜ ਸੀ। ਮਿੱਤਲ ਦਾ ਕਹਿਣਾ ਹੈ ਕਿ ਬੇਸ਼ਕ ਅਸੀਂ ਅੱਜ ਕੌਮੀ ਯੋਜਨਾ ਦਿਹਾੜੇ ਦੇ ਪੰਜਾਹ ਸਾਲ ਪੂਰੇ ਹੋਣ 'ਤੇ ਇਸ ਦਿਨ ਨੂੰ ਮਨਾ ਰਹੇ ਹਾਂ ਪਰ ਅਫਸੋਸ ਹੈ ਕਿ ਸਾਰੇ ਨੌਜਵਾਨ ਇਸ ਯੋਜਨਾ ਦੇ ਨਾਲ ਨਹੀਂ ਜੁੜ ਸਕੇ . ਇਹ ਯੋਜਨਾ ਸੀਮਤ ਦਾਇਰੇ ਤੱਕ ਸਿੰਗੁੜ ਕੇ ਰਹਿ ਗਈ ਹੈ।
ਇਹ ਵੀ ਪੜ੍ਹੋ-ਜ਼ਿਮਨੀ ਚੋਣਾਂ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਜਾਰੀ
ਮਿੱਤਲ ਦਾ ਕਹਿਣਾ ਹੈ ਕਿ ਇਹ ਯੋਜਨਾ ਸਿਰਫ਼ ਇੱਕ ਵਿਦਿਆਰਥੀ ਤੱਕ ਹੀ ਨਹੀਂ ਬਲਕਿ ਇਸ ਦੀ ਪਹੁੰਚ ਇੱਕ ਆਮ ਨੌਜਵਾਨ ਤੱਕ ਵੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੇ ਨਾਲ ਜੁੜ ਸਕੇ ਅਤੇ ਸਮਾਜ ਦੀ ਸੇਵਾ ਕਰ ਸਕੇ।