ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦੀਆਂ ਲਈ ਕਿੱਤਾਮੁਖੀ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ਉਨ੍ਹਾਂ ਨੂੰ ਹੁਨਰ ਮੁਤਾਬਿਕ ਆਪਣਾ ਕਿੱਤਾ ਸ਼ੁਰੂ ਕਰਨ ਲਈ ਸਿਖਲਾਈ ਦਿੱਤੀ ਗਈ। ਇਸ ਸਿਖਲਾਈ 'ਚ ਦੱਸਿਆ ਗਿਆ ਕਿ ਕਿਵੇਂ ਜੂਟ ਤੋਂ ਸਮਾਨ ਬਣਾਉਣਾ ਹੈ ਤਾਂ ਜੋ ਸਮਾਜ ਨੂੰ ਪਲਾਸਟਿਕ ਮੁਕਤ ਕਰਨ 'ਚ ਆਪਣਾ ਯੋਗਦਾਨ ਪਾ ਸਕਣ। ਕੈਂਪ ਦੇ ਅਖੀਰੀ ਦਿਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਵੱਲੋਂ ਬੰਦੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇਹ ਮਹਿਲਾਵਾਂ ਆਪਣਾ ਰੁਜ਼ਗਾਰ ਚਲਾ ਸਕਦੀਆਂ ਹਨ ਅਤੇ ਇਸ ਕੈਂਪ 'ਚ ਮਿਲੇ ਸਰਟੀਫਿਕੇਟ ਦੇ ਅਧਾਰ 'ਤੇ ਕੰਮ ਸ਼ੁਰੂ ਕਰਨ ਲਈ ਬੈਂਕ ਤੋਂ ਕਰਜ਼ ਵੀ ਲੈ ਸਕਦੀਆਂ ਹਨ।
ਇਸ ਮੌਕੇ ਕੇਂਦਰੀ ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਦੇ ਯਤਨਾ ਨਾਲ ਜੇਲ੍ਹ ਅੰਦਰ ਬੰਦੀਆਂ ਦੇ ਪੁਨਰਵਾਸ ਲਈ ਕੇਂਦਰੀ ਜੇਲ੍ਹ ਦੀ ਫੈਕਟਰੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਉਪਰਾਲੇ ਜਾਰੀ ਹਨ।
ਨੰਦਗੜ੍ਹ ਨੇ ਦੱਸਿਆ ਕਿ ਦਿਹਾਤੀ ਵਿਕਾਸ ਮੰਤਰਾਲੇ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਆਰਸੇਟੀ ਸੰਸਥਾ ਦੇ ਸਹਿਯੋਗ ਨਾਲ ਜੇਲ੍ਹ ਅੰਦਰ ਬੰਦੀਆਂ ਨੂੰ ਵਿਸ਼ੇਸ਼ ਹੁਨਰ ਦੇਣ ਅਤੇ ਬੰਦੀਆਂ ਨੂੰ ਵੱਖ-ਵੱਖ ਹੁਨਰਾਂ ਵਿੱਚ ਨਿਪੁੰਨ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਬੰਦੀ ਮਹਿਲਾਵਾਂ ਨੂੰ ਜੂਟ ਤੋਂ ਫਾਈਲਾਂ, ਬੈਗ, ਹੈਂਡ ਬੈਗ, ਸਜਾਵਟੀ ਸਮਾਨ ਆਦਿ ਤਿਆਰ ਕਰਨ ਲਈ ਟ੍ਰੇਨਿੰਗ ਕਰਵਾਈ ਗਈ ਹੈ।
ਇਸ ਮੌਕੇ ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਇਨ੍ਹਾਂ ਬੰਦੀ ਮਹਿਲਾਵਾਂ ਦਾ ਜੂਟ ਦੇ ਸਮਾਨ ਬਣਾਉਣ ਦਾ ਪੇਪਰ ਲਿਆ ਗਿਆ ਹੈ, ਜਿਸ ‘ਚ ਸਾਰੀਆਂ ਬੰਦੀ ਮਹਿਲਾਵਾਂ ਚੰਗੇ ਨੰਬਰਾਂ ਨਾਲ ਪਾਸ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਹੋਣ 'ਤੇ ਆਪਣਾ ਕੰਮ ਸ਼ੁਰੂ ਕਰਨ ਲਈ ਸਟੇਟ ਬੈਂਕ ਆਫ ਇੰਡੀਆਂ ਵੱਲੋਂ ਸਬਸਿਡੀ 'ਤੇ ਕਰਜਾ ਵੀ ਮੁਹੱਈਆ ਕਰਵਾਇਆ ਜਾਵੇਗਾ।